

ਜਲੰਧਰ:- ਕਲਾ ਅਦਬ ਦੀ ਮਲਿਕਾ ਪ੍ਰੀਤ ਹੀਰ , ਬੇਹੱਦ ਸੂਝਵਾਨ ਤੇ ਸੁਘੜ ਸਿਆਣੀ ਹੈ। ਉਹ ਬਹੁਤ ਹੀ ਮਿਲਾਪੜੇ ਸੁਭਾਅ ਵਾਲੀ ਅੱਲੜ੍ਹ ਮੁਟਿਆਰ ਹੈ। ਉਹ ਹਮੇਸ਼ਾ ਆਪਣੇ ਸਾਹਿਤਕ ਸਫ਼ਰ ਦੌਰਾਨ ਆਪਣੇ ਸਤਿਕਾਰਤ ਹਮਖਿਆਲਾਂ ਨਾਲ਼ ਢੁਕਵੀਂ ਅਤੇ ਪਾਏਦਾਰ ਹੀ ਗੱਲ ਕਰਦੀ ਹੈ। ਛੋਟੀ ਉਮਰੇ ਵੱਡੀਆ ਪ੍ਰਾਪਤੀਆ ਕਰਨ ਵਾਲੀ ਪ੍ਰੀਤ ਹੀਰ ਨਿਰ੍ਹੀ ਗੁਣਾਂ ਦੀ ਗੁਥਲੀ , ਆਪਣੇ ਮਾਪਿਆਂ ਦੀ ਹੋਣਹਾਰ ਧੀਅ ਰਾਣੀ, ਆਪਣੇ ਜਾਣਕਾਰ ਦੋਸਤਾਂ ਨਾਲ਼ ਚੱਜ ਦੇ ਵਿਚਾਰਾਂ ਦੀ ਹੀ ਸਾਂਝ ਪਾਉਂਦੀ ਹੈ। ਜਦੋਂ ਉਹ ਮਹਿਫ਼ਲ ਵਿਚ ਜਾਂ ਮੰਚ ਤੋਂ ਸੰਬੋਧਨ ਕਰਦੀ ਹੈ ਤਾਂ ਇਉਂ ਜਾਪਦਾ ਹੈ ਕਿ ਉਸ ਦੇ ਮੂੰਹੋਂ ਫੁੱਲ ਕਿਰਦੇ ਹੋਣ । ਬਹੁ ਪੱਖੀ ਸ਼ਖ਼ਸੀਅਤ ਉੱਚੀ ਲੰਮੀ ਇਹ , ਪ੍ਰੀਤ ਹੀਰ , ਸਾਦਗੀ ਦੇ ਗਹਿਣੇ ਧਾਰਨ ਕਰਨ ਦੇ ਬਾਵਜੂਦ ,ਰੱਜ ਕੇ ਸਲਾਹੁਣ ਵਾਲੇ ਸੁਹੱਪਣ ਦੀ ਮੂਰਤ ਹੈ। ਮਾਂ ਬੋਲੀ ਪੰਜਾਬੀ ਦਾ ਇਹ ਬੇਸ਼ਕੀਮਤੀ ਹੀਰਾ ਪੂਰੀ ਤਰ੍ਹਾਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਅਤੇ ਨਾਲ ਹੀ ਸਮਾਜ ਵਿਚ ਚੱਲ ਰਹੇ ਅਹਿਮ ਮੁੱਦਿਆਂ ਤੇ ਆਪਣੀ ਵਾਰਤਕ ਵਿਚ ਢੁੱਕਵੀਂ ਗੱਲ ਕਰਦੀ ਹੈ। ਘਰੇਲੂ ਕੰਮ ਕਾਜ ਵਿੱਚ ਗੁਣਵੰਤੀ ਤੇ ਸੁਚੱਜੀ ਕੁੜੀ ਹੈ। ਮੰਚ ਸੰਚਾਲਕ ਅਤੇ ਗੀਤਕਾਰ ਬਲਦੇਵ ਰਾਹੀ ਨੇ ਦੱਸਿਆ ਕਿ ਇਹ ਸ਼ਾਇਰਾ ਪ੍ਰੀਤ ਹੀਰ , ਨਾਜ਼ੁਕ ਮਿਜ਼ਾਜ ਇੱਕ ਮਹਿਕਦੀ ਰੂਹ ਹੈ। ਉਹ ਉਚੇਰੀ ਵਿੱਦਿਆ ਪ੍ਰਾਪਤ ਕਰ ਕੇ , ਅਕਾਲ ਕਾਲਜ ਮਸਤੂਆਣਾ ਸਾਹਿਬ ਇੱਕ ਜਿੰਮੇਵਾਰੀ ਨਿਭਾਉਣ ਤੋਂ ਇਲਾਵਾ ਪੰਜਾਬੀ ਵਿਸ਼ਵ ਭਵਨ ਬਰੈਂਪਟਨ ਕਨੇਡਾ ਅਤੇ ਪੰਜਾਬ ਭਵਨ ਸਰੀ ਕਨੇਡਾ ਵਿਖੇ ਕਾਫੀ ਯੋਗਦਾਨ ਪਾ ਚੁੱਕੀ ਹੈ। ਪੰਜਾਬ ਦੇ ਪ੍ਰਸਿੱਧ ਮਲੇਰਕੋਟਲਾ ਸ਼ਹਿਰ ਦੀ ਜੰਮਪਲ ਪਰੀਤ ਹੀਰ, ਰੱਬ ਕਰੇ ਪੰਜਾਬੀ ਸਾਹਿਤ ਦੀ ਰੰਗ ਬਿਰੰਗੀ ਫੁਲਵਾੜੀ ਵਿੱਚ ਹੋਰ ਵੀ ਸੰਦਲੀ ਪੈੜਾਂ ਪਾਉਂਦੀ ਰਹੇ ।



