Sliderपंजाब

ਮੁੱਖ ਮੰਤਰੀ ਪੰਜਾਬ ਦੇ ਹੰਕਾਰੀ ਰਵੱਈਏ ਦੇ ਵਿਰੋਧ ਵਿੱਚ ਧਮਕੀ ਭਰੀ ਟਵੀਟ ਦੀਆਂ ਕਾਪੀਆਂ ਫੂਕੀਆਂ*

ਜਲੰਧਰ 29 ਅਗਸਤ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਮੁਲਾਜ਼ਮਾਂ ਨੂੰ ਧਮਕੀਆਂ ਦੇਣ ਵਾਲੇ ਟਵੀਟ ਦੇ ਵਿਰੋਧ ਵਿੱਚ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਉਕਤ ਟਵੀਟ ਦੀਆਂ ਕਾਪੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ, ਸਰਕਾਰੀ ਹਾਈ ਸਕੂਲ ਮਾਓ, ਮੀਆਂਵਾਲ, ਬਿਲਗਾ, ਰਾਜੇਵਾਲ, ਕੰਗ ਸਾਹਿਬ ਰਾਏ, ਗੁਰਾਇਆਂ, ਖੁਣ ਖੂਣ ਕਲਾਂ, ਆਦਮਪੁਰ, ਨੂਰਮਹਿਲ, ਨਕੋਦਰ, ਫ਼ਿਲੌਰ ਆਦਿ ਥਾਵਾਂ ਤੇ ਫੂਕ ਕੇ ਤਿੱਖਾ ਰੋਸ ਜ਼ਾਹਰ ਕੀਤਾ ਗਿਆ।

ਇਸ ਮੌਕੇ ਜੀ.ਟੀ.ਯੂ. ਪੰਜਾਬ ਦੇ ਆਗੂਆਂ ਜਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਸਕੱਤਰ ਸੁੱਖਵਿੰਦਰ ਸਿੰਘ ਮੱਕੜ, ਸੂਬਾਈ ਆਗੂ ਤੀਰਥ ਸਿੰਘ ਬਾਸੀ ਤੇ ਬਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਮੁਲਾਜ਼ਮ ਅਤੇ ਅਧਿਆਪਕ ਵਰਗ ਆਪਣੀਆਂ ਜਾਇਜ਼ ਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਲੋਕਤੰਤਰਿਕ ਢੰਗ ਨਾਲ ਸੰਘਰਸ਼ ਕਰ ਰਿਹਾ ਹੈ। ਪਰ ਸਰਕਾਰ ਵੱਲੋਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਧਮਕੀਆਂ ਅਤੇ ਦਬਾਅ ਦੀ ਨੀਤੀ ਅਪਣਾਉਣਾ ਬੇਹੱਦ ਨਿੰਦਣਯੋਗ ਹੈ।

ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਆਵਾਜ਼ਾਂ ਦਬਾਉਣ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ। ਅਧਿਆਪਕ ਵਰਗ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ।

ਜੀ.ਟੀ.ਯੂ. ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਨਾਲ ਟਕਰਾਅ ਵਾਲਾ ਰਵੱਈਆ ਛੱਡ ਕੇ ਤੁਰੰਤ ਗੱਲਬਾਤ ਦਾ ਰਸਤਾ ਅਪਣਾਇਆ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲੀ, ਬਕਾਇਆ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ, ਪੰਜਾਬ ਦੇ ਪੁਰਾਣੇ ਤਨਖ਼ਾਹ ਸਕੇਲ ਲਾਗੂ ਕਰਨ, ਏ.ਸੀ.ਪੀ. ਸਕੀਮ ਬਹਾਲ ਕਰਨ, ਵੱਖ-ਵੱਖ ਕੈਟਾਗਰੀਆਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਮੁਲਾਜ਼ਮਾਂ ਦੀਆਂ ਹੋਰ ਲੰਬਿਤ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਕੁਲਦੀਪ ਵਾਲੀਆ, ਕੁਲਵੰਤ ਰਾਮ, ਸੁੱਖਵਿੰਦਰ ਰਾਮ, ਪ੍ਰੇਮ ਕੁਮਾਰ, ਲੇਖ ਰਾਜ ਪੰਜਾਬੀ, ਮੁਲਖ ਰਾਜ, ਪਿਆਰਾ ਸਿੰਘ, ਸੰਦੀਪ ਕੁਮਾਰ, ਜਗਸੀਰ ਆਦਿ ਹਾਜ਼ਰ ਸਨ।

Related Articles

Back to top button