
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਨਾਮ ਉਸ ਵਕਤ ਸਮੁੱਚੇ ਵਿਸ਼ਵ ਵਿਚ ਚਮਕ ਉੱਠਿਆ ਜਦੋਂ ਕਾਲਜ ਦੇ ਸਾਬਕਾ ਵਿਦਿਆਰਥੀ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 10.9 ਸੈਕਿੰਡ ਵਿਚ ਪੂਰੀ ਕਰ ਕੇ ਰਾਸ਼ਟਰੀ ਪੱਧਰ ਉੱਪਰ ਨਵਾਂ ਇਤਿਹਾਸ ਸਿਰਜ ਦਿੱਤਾ। ਗੁਰਿੰਦਰਵੀਰ ਸਿੰਘ ਦੀ ਇਸ ਪ੍ਰਾਪਤੀ ਲਈ ਅਤੇ ਭਵਿੱਖ ਵਿੱਚ ਵਿਸ਼ਵ ਪੱਧਰ ਉਪਰ ਵੱਡੀਆਂ ਮੱਲਾਂ ਮਾਰਨ ਦੀ ਕਾਮਨਾ ਹਿੱਤ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਗਈ। ਇਸ ਸਮੇਂ ਪ੍ਰਿੰਸੀਪਲ ਸਾਹਿਬ, ਸਮੂਹ ਵਿਭਾਗਾਂ ਦੇ ਮੁਖੀ, ਪ੍ਰੋਫੈਸਰ, ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆ ਨੇ ਹਾਜ਼ਰੀ ਲਗਵਾਈ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਜੀ ਨੇ ਆਪਣੇ ਸੰਬੋਧਨ ਵਿਚ ਗੁਰਿੰਦਰਵੀਰ ਸਿੰਘ ਨੂੰ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਅਤੇ ਅਰਦਾਸ ਕੀਤੀ। ਪ੍ਰਿੰਸੀਪਲ ਸਾਹਿਬ ਨੇ ਡੀਨ ਸਪੋਰਟਸ ਡਾ. ਐਸ.ਐਸ. ਬੈਂਸ, ਗੁਰਿੰਦਰਵੀਰ ਸਿੰਘ ਦੇ ਮਾਪਿਆਂ, ਕੋਚ ਸਰਬਜੀਤ ਸਿੰਘ ਹੈਪੀ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ, ਜਿਨ੍ਹਾਂ ਦੀ ਸੁਚੱਜੀ ਰਹਿਨੁਮਾਈ ਸਦਕਾ ਇਹ ਪ੍ਰਾਪਤੀ ਹਾਸਿਲ ਕਰ ਸਕਿਆ। ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕਾਲਜ ਲਈ ਇਹ ਬਹੁਤ ਹੀ ਫ਼ਖ਼ਰ ਵਾਲਾ ਪਲ਼ ਹੈ। ਕਾਲਜ ਦੀਆਂ ਗਰਾਊਂਡਾਂ ਵਿਚ ਪ੍ਰੈਕਟਿਸ ਕਰਕੇ ਗੁਰਿੰਦਰਵੀਰ ਸਿੰਘ ਨੇ ਭਾਰਤ ਦੇ ਇਤਿਹਾਸ ਵਿਚ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਗੁਰਿੰਦਰਵੀਰ ਸਿੰਘ ਨੇ 2018-2021 ਤੱਕ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਬੀ.ਏ ਦੀ ਡਿਗਰੀ ਹਾਸਿਲ ਕੀਤੀ। 2021-22 ਵਿਚ ਪੀਜੀਡੀਸੀਏ ਵਿਚ ਦਾਖਲਾ ਲਿਆ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਪ੍ਰਿੰਸੀਪਲ ਸਾਹਿਬ ਨੇ ਆਖਿਆ ਕਿ ਗੁਰਿੰਦਰਵੀਰ ਸਿੰਘ ਵਰਗੇ ਵਿਦਿਆਰਥੀ ਤੁਹਾਡੇ ਰੋਲ ਮਾਡਲ ਹੋਣੇ ਚਾਹੀਦੇ ਹਨ ਜਿਹੜੇ ਆਪਣਾ,ਸੰਸਥਾ ਅਤੇ ਸੂਬੇ ਦਾ ਨਾਮ ਰੌਸ਼ਨ ਕਰਦੇ ਹਨ।ਇਨ੍ਹਾਂ ਤੋਂ ਸੇਧ ਲੈ ਕੇ ਤੁਸੀਂ ਵੀ ਅਜਿਹੇ ਕਾਰਨਾਮੇ ਕਰ ਸਕਦੇ ਹੋ। ਇਸ ਮੌਕੇ ਲਾਇਲਪੁਰ ਖ਼ਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਨੇ ਗੁਰਿੰਦਰਵੀਰ ਸਿੰਘ ਨੂੰ ਮੁਬਾਰਕਾਂ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਜੀ ਨੇ ਪ੍ਰਿੰਸੀਪਲ ਅਤੇ ਸਮੂਹ ਸਪੋਰਟਸ ਵਿਭਾਗ ਨੂੰ ਵੀ ਵਧਾਈ ਦਿੱਤੀ ਅਤੇ ਆਖਿਆ ਕਿ ਗੁਰਿੰਦਰਵੀਰ ਸਿੰਘ ਵਰਗੇ ਵਿਦਿਆਰਥੀਆਂ ਉਪਰ ਸਾਨੂੰ ਸਦਾ ਹੀ ਮਾਣ ਰਿਹਾ ਹੈ ਜਿਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਨਾਲ ਕਾਲਜ ਦਾ ਨਾਮ ਰੌਸ਼ਨ ਹੁੰਦਾ ਹੈ। ਪ੍ਰਿੰਸੀਪਲ ਸਾਹਿਬ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਗੁਰਿੰਦਰਵੀਰ ਸਿੰਘ ਵਰਗੇ ਹੀਰੇ ਦੀ ਹਰ ਪੱਖੋਂ ਮਦਦ ਕੀਤੀ ਜਾਵੇ ਤਾਂ ਕਿ ਉਹ ਹੋਰ ਵੀ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕੇ। ਇਸ ਸਮੇਂ ਸਮੂਹ ਪ੍ਰੋਫੈਸਰ, ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਗੁਰਿੰਦਰਵੀਰ ਸਿੰਘ ਨੂੰ ਮੁਬਾਰਕਾਂ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।