
ਜਲੰਧਰ (22.07.2026) – ਬੱਚਿਆਂ ਨੂੰ ਘਾਤਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਅਤੇ ਜਿਲ੍ਹੇ ਨੂੰ ਖਸਰਾ-ਰੂਬੈਲਾ ਮੁਕਤ ਬਣਾਉਣ ਦੇ ਮਨੋਰਥ ਨਾਲ ਸਿਹਤ ਵਿਭਾਗ ਵੱਲੋਂ ‘ਮੀਜ਼ਲਜ਼-ਰੂਬੈਲਾ (MR) ਕੈਚ-ਅੱਪ ਰਾਊਂਡ’ ਮੁਹਿੰਮ 20 ਜੁਲਾਈ ਤੋਂ 25 ਜੁਲਾਈ 2026 ਤੱਕ ਚਲਾਈ ਜਾ ਰਹੀ ਹੈ। ਇਸਦੇ ਮੱਦੇਨਜ਼ਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਸਿਵਲ ਹਸਪਤਾਲ ਜਲੰਧਰ ਦੇ ਪੀ.ਪੀ. ਯੂਨਿਟ ਵਿਖੇ ਮੁਹਿੰਮ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਸੁਰਿੰਦਰ ਨਾਂਗਲ, ਡਾ. ਮੋਹਿਤ, ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਰਵਿੰਦਰ ਜੱਸਲ, ਏਐਨਐਮ ਪੂਨਮ, ਸਵੀਟੀ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਮੀਜ਼ਲਜ਼-ਰੂਬੈਲਾ (MR) ਕੈਚ-ਅੱਪ ਰਾਊਂਡ’ ਮੁਹਿੰਮ ਪੂਰੇ ਜਿਲ੍ਹੇ ਵਿੱਚ ਚਲਾਈ ਜਾ ਰਹੀ ਹੈ। ਇਸਦੇ ਤਹਿਤ ਜਿਹੜੇ ਬੱਚੇ ਨਿਯਮਤ ਟੀਕਾਕਰਨ ਦੌਰਾਨ ਮੀਜ਼ਲਜ਼-ਰੂਬੈਲਾ (MR) ਦੀ ਵੈਕਸੀਨ ਲੈਣ ਤੋਂ ਕਿਸੇ ਵੀ ਕਾਰਨ ਵਾਂਝੇ ਰਹਿ ਗਏ ਹਨ, ਉਹਨਾਂ ਬੱਚਿਆਂ ਤੱਕ ਪਹੁੰਚ ਯਕੀਨੀ ਬਣਾ ਕੇ ਉਨ੍ਹਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਟੀਕਾਕਰਨ ਸਾਰਣੀ ਅਨੁਸਾਰ ਐਮ.ਆਰ. ਵੈਕਸੀਨ ਦੀਆਂ ਬੱਚੇ ਨੂੰ ਦੋ ਖ਼ੁਰਾਕਾਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਪਹਿਲੀ ਖ਼ੁਰਾਕ (MR-1) 9 ਤੋਂ 12 ਮਹੀਨੇ ਦੇ ਬੱਚੇ ਨੂੰ ਅਤੇ ਦੂਜੀ ਖ਼ੁਰਾਕ (MR-2) 16 ਤੋਂ 24 ਮਹੀਨੇ ਦੇ ਬੱਚੇ ਨੂੰ ਲਗਾਈ ਜਾਂਦੀ ਹੈ। ਇਸ ਲਈ ਇਸ ਮੁਹਿੰਮ ਦੌਰਾਨ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ (dropout) ਬੱਚਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ, ਮਾਪਿਆਂ, ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਪੂਰਨ ਸਹਿਯੋਗ ਕਰਨ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ‘ਮੀਜ਼ਲਜ਼-ਰੂਬੈਲਾ (MR) ਕੈਚ-ਅੱਪ ਰਾਊਂਡ’ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ (ਏਐਨਐਮ, ਆਸ਼ਾ ਅਤੇ ਆਂਗਣਵਾੜੀ ਵਰਕਰਾਂ) ਵੱਲੋਂ ਘਰ-ਘਰ ਜਾ ਕੇ ਯੋਗ ਬੱਚਿਆਂ ਦੀ ਸੂਚੀ ਤਿਆਰ ਕਰਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਉੱਚ ਜੋਖਮ ਵਾਲੇ ਖੇਤਰਾਂ (High-Risk Areas) ਜਿਵੇਂ ਕਿ ਸਰਹੱਦੀ ਪਿੰਡ, ਪ੍ਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ, ਇੱਟਾਂ ਦੇ ਭੱਠੇ, ਉਸਾਰੀ ਅਧੀਨ ਥਾਵਾਂ ਅਤੇ ਸ਼ਹਿਰੀ ਸਲੱਮ ਏਰੀਆ ‘ਤੇ ਵੱਧ ਫੋਕਸ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਝੁੱਗੀ-ਝੌਂਪੜੀ ਜਾਂ ਦੂਰ-ਦੁਰਾਡੇ ਖੇਤਰ ਦਾ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ 9 ਮਹੀਨੇ ਤੋਂ 2 ਸਾਲ ਤੱਕ ਦੇ ਕਿਸੇ ਵੀ ਬੱਚੇ ਦੀ ਮੀਜ਼ਲਜ਼-ਰੂਬੈਲਾ ਦੀ ਕੋਈ ਵੀ ਖ਼ੁਰਾਕ ਰਹਿੰਦੀ ਹੈ, ਉਹ 25 ਜੁਲਾਈ ਤੱਕ ਆਪਣੇ ਨਜ਼ਦੀਕੀ ਸਿਹਤ ਕੇਂਦਰ ਜਾਂ ਵਿਸ਼ੇਸ਼ ਕੈਂਪਾਂ ਵਿੱਚ ਜਾ ਕੇ ਇਹ ਟੀਕਾ ਜੋ ਕਿ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ, ਜ਼ਰੂਰ ਲਗਵਾਉਣ।