
(30-05-2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ “ਵਿਸ਼ਵ ਤੰਬਾਕੂ ਰਹਿਤ ਦਿਵਸ” ਮੌਕੇ ਤੰਬਾਕੂ ਦੇ ਮਾੜੇ ਸੇਵਨ ਬਾਰੇ ਜਾਗਰੂਕ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ ਦਾ ਕਿਸੇ ਵੀ ਰੂਪ ਵਿੱਚ ਸੇਵਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਕੋਈ ਵੀ ਰਿਸ਼ਤੇਦਾਰ ਜਾ ਨਜਦੀਕੀ ਮਿੱਤਰ ਕਿਸੇ ਵੀ ਰੂਪ ਵਿੱਚ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਦਾ ਹੈ ਤਾਂ ਉਸਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹੋਏ ਉਸ ਦੀ ਇਸ ਆਦਤ ਨੂੰ ਛੱਡਵਾਉਣ ਵਿੱਚ ਮਦਦ ਕੀਤੀ ਜਾਵੇ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 31 ਮਈ ਨੂੰ “ਵਿਸ਼ਵ ਤੰਬਾਕੂ ਰਹਿਤ ਦਿਵਸ” ਮਨਾਇਆ ਜਾਂਦਾ ਹੈ। ਇਸ ਵਾਰ ਵਿਸ਼ਵ ਤੰਬਾਕੂ ਰਹਿਤ ਦਿਵਸ “ਅਪੀਲ ਨੂੰ ਉਜਾਗਰ ਕਰਨਾ-ਨਿਕੋਟੀਨ ਅਤੇ ਤੰਬਾਕੂ ਦੀ ਲਤ ਦਾ ਮੁਕਾਬਲਾ ਕਰਨਾ” ਥੀਮ ਹੇਠ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਮਾਨਸਿਕ, ਆਰਥਿਕ ਤੇ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕੋਟਪਾ ਐਕਟ ਬਾਰੇ ਅਤੇ ਸਰੀਰ ਤੇ ਤੰਬਾਕੂ ਦੇ ਪੈਂਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਵਿੱਚ ਚਾਰ ਹਜ਼ਾਰ ਜ਼ਹਿਰੀਲੇ ਤੱਤ ਹੁੰਦੇ ਹਨ ਜਿਸ ਵਿਚ ਨਿਕੋਟੀਨ ਬਹੁਤ ਭਿਆਨਕ ਹੁੰਦਾ ਹੈ। ਉਨ੍ਹਾਂ ਵੱਲੋਂ ਤੰਬਾਕੂਨੋਸ਼ੀ ਅਤੇ ਕੋਟਪਾ ਐਕਟ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਤੰਬਾਕੂ ਪਦਾਰਥਾਂ ਦੀ ਸੂਚੀ ਵਿੱਚ ਬੀੜੀ, ਸਿਗਰੇਟ, ਗੁਟਖਾ, ਪਾਨ ਮਸਾਲਾ, ਈ-ਸਿਗਰੇਟ, ਹੁੱਕਾ ਆਦਿ ਸ਼ਾਮਿਲ ਹਨ। ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਤੰਬਾਕੂ ਸੇਵਨ ਨਾਲ ਸ਼ਰੀਰ ਦੇ ਫੇਫੜਿਆਂ ‘ਤੇ ਸਭ ਤੋਂ ਜਿਆਦਾ ਅਸਰ ਪੈਂਦਾ ਹੈ। ਇਸ ਨਾਲ ਕਈ ਘਾਤਕ ਬਿਮਾਰੀਆਂ ਤਪਦਿਕ, ਜਿਗਰ ਰੋਗ, ਮੂੰਹ ਦਾ ਕੈਂਸਰ, ਪ੍ਰਜਨਨ ਸ਼ਕਤੀ ਉੱਤੇ ਅਸਰ, ਹਾਈ ਬਲੱਡ ਪ੍ਰੈੱਸਰ ਹੋ ਸਕਦੀਆਂ ਹਨ। ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਕੋਟਪਾ ਐਕਟ ਅਧੀਨ ਵਿਸ਼ੇਸ਼ ਧਾਰਾਵਾਂ ਹੇਠ ਜਨਤਕ ਥਾਵਾਂ ਤੇ ਸੌ ਗਜ਼ ਦੇ ਦਾਇਰੇ ਵਿਚ ਤੰਬਾਕੂ ਦੀ ਵਿਕਰੀ ‘ਤੇ ਰੋਕ, ਬੀੜੀ ਸਿਗਰਟ ਵੇਚਣ ਵਾਲਿਆਂ ਉੱਤੇ ਕਾਰਵਾਈ ਕੀਤੀ ਜਾਂਦੀ ਹੈ।