
ਫ਼ਗਵਾੜਾ 29 ਜਨਵਰੀ (ਸ਼ਿਵ ਕੌੜਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਫਗਵਾੜਾ ਵਿਖੇ ਗਿਆਰਵਾਂ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਫਗਵਾੜਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕਮਲਾ ਨਹਿਰੂ ਪਬਲਿਕ ਸਕੂਲ ਦੇ ਪ੍ਰਿੰਸੀਪਲ ( ਐਡਮਿਨ ਅਤੇ ਇੰਨੋਵੇਸ਼ਨ) ਸ਼੍ਰੀ ਮਤੀ ਪਰਮਜੀਤ ਕੌਰ ਢਿੱਲੋਂ ਮੁੱਖ ਮਹਿਮਾਨ ਅਤੇ ਸ਼੍ਰੀ ਇਕਬਾਲ ਸਿੰਘ ਅਤੇ ਸ਼੍ਰੀ ਲਵਪ੍ਰੀਤ ਲਵ ਬਤੌਰ ਜੱਜ ਮੁਕਾਬਲੇ ਵਿੱਚ ਹਾਜ਼ਰ ਹੋਏ। ਮੁਕਾਬਲੇ ਦੀ ਸ਼ੁਰੂਆਤ ਵਿੱਚ ਕਮਲਾ ਨਹਿਰੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਸਮੂਹ ਨੇ ਸ਼ਬਦ ਗਾਇਨ ਕਰਕੇ ਸਮੁੱਚੇ ਸਕੂਲ ਦਾ ਮਾਹੌਲ ਅਧਿਆਤਮਿਕ ਬਣਾ ਦਿੱਤਾ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਸਾਹਿਬਜਾਦਾ ਅਜੀਤ ਸਿੰਘ ਸਕੂਲ ਦੂਜੇ ਸਥਾਨ ਤੇ ਐਸ.ਟੀ.ਐਸ ਵਰਲਡ ਸਕੂਲ ਤੀਜੇ ਸਥਾਨ ’ਤੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਰਿਹਾ ਜਿਨ੍ਹਾਂ ਦਾ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸਨਮਾਨ ਕੀਤਾ ਗਿਆ। ਚੌਥੇ ਸਥਾਨ ’ਤੇ ਰਹਿਣ ਵਾਲੇ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਦਿਲਾਸਾ ਇਨਾਮ ਦਿੱਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਜੋਤੀ ਭਾਰਦਵਾਜ ਜੀ ਨੇ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ,ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।