Sliderपंजाब

ਮਾਨਸਿਕ ਤਣਾਅ ਤੋਂ ਪਰੇਸ਼ਾਨ ਹੋ? ਹੁਣ ਇਕ ਕਾਲ ਨਾਲ ਮਿਲੇਗੀ ਮਾਹਿਰ ਸਲਾਹ – ਟੈਲੀ-ਮਾਨਸ ਸੇਵਾ 24×7 ਉਪਲਬਧ : ਸਿਵਲ ਸਰਜਨ ਡਾ. ਰਾਜੇਸ਼ ਗਰਗ

ਜਲੰਧਰ (18.02.2026): ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਟੈਲੀ-ਮਾਨਸ ਸੇਵਾ ਸਬੰਧੀ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਮਾਨਸਿਕ ਤਣਾਅ ਜਾਂ ਕਿਸੇ ਵੀ ਪ੍ਰਕਾਰ ਦੀ ਮਨੋਵਿਗਿਆਨਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਤੱਕ ਮਾਹਿਰਾਂ ਦੀ ਸਲਾਹ ਤੁਰੰਤ ਅਤੇ ਸਹਿਜਤਾ ਨਾਲ ਪਹੁੰਚ ਸਕੇ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10 ਅਕਤੂਬਰ 2022 ਤੋਂ ਸ਼ੁਰੂ ਕੀਤੀ ਗਈ ਟੈਲੀ-ਮਾਨਸ ਸੇਵਾ ਲੋਕਾਂ ਲਈ ਇੱਕ ਮਹੱਤਵਪੂਰਨ ਅਤੇ ਲਾਭਦਾਇਕ ਪਹਿਲ ਸਾਬਤ ਹੋ ਰਹੀ ਹੈ। ਉਨ੍ਹਾਂ ਦਸਿਆ ਕਿ ਟੈਲੀ ਮਾਨਸ ਦੀ ਆਪਣੀ ਇੱਕ ਮੋਬਾਈਲ ਐਪ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਨਸ਼ੀਲੇ ਪਦਾਰਥਾਂ ਦੀ ਦੂਰਵਰਤੋਂ, ਡਿਪਰੈਸ਼ਨ, ਚਿੰਤਾ, ਤਨਾਅ, ਵਿੱਤੀ ਤਨਾਅ, ਸੰਕਟ ਪ੍ਰਬੰਧਨ ਤੇ ਪਰਿਵਾਰਿਕ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਾਲ ‘ਤੇ ਪ੍ਰਦਾਨ ਕੀਤਾ ਜਾਂਦਾ ਹੈ।
ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਟੈਲੀ-ਮਾਨਸ ਇੱਕ ਟੋਲ-ਫ੍ਰੀ ਹੈਲਪਲਾਈਨ ਹੈ ਜੋ 24 ਘੰਟੇ ਅਤੇ ਹਫ਼ਤੇ ਦੇ ਸੱਤੋਂ ਦਿਨ ਉਪਲਬਧ ਹੈ, ਜਿੱਥੇ ਮਾਨਸਿਕ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਲਈ ਟ੍ਰੇਂਨਡ ਅਤੇ ਤਜਰਬੇਕਾਰ ਕਾਉਂਸਲਰਾਂ ਵੱਲੋਂ ਪੂਰੀ ਤਰ੍ਹਾਂ ਮੁਫ਼ਤ ਅਤੇ ਗੋਪਨੀਯ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਸਿਹਤ, ਸ਼ਾਰੀਰੀਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ ਅਤੇ ਸਮੇਂ ਸਿਰ ਮਾਹਿਰਾਂ ਦੀ ਸਲਾਹ ਲੈਣ ਨਾਲ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਟੋਲ-ਫਰੀ ਹੈਲਪਲਾਈਨ ਨੰਬਰ 1800-89-14416 ’ਤੇ ਕਾਲ ਕਰਕੇ ਟੈਲੀ ਮਾਨਸ ਸੇਵਾ ਦਾ ਲਾਭ ਲੈ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਟੈਲੀ ਮਾਨਸ ਸੇਵਾ ਰਾਹੀਂ ਚਿੰਤਾ, ਤਣਾਅ, ਡਿਪ੍ਰੈਸ਼ਨ, ਘਬਰਾਹਟ, ਨਸ਼ਾ ਛੁਡਾਉਣ ਸੰਬੰਧੀ ਸਮੱਸਿਆਵਾਂ ਜਾਂ ਹੋਰ ਮਨੋਵਿਗਿਆਨਕ ਉਲਝਣਾਂ ਲਈ ਸਿੱਧੀ ਗੱਲਬਾਤ ਰਾਹੀਂ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ। ਸੇਵਾ ਲੈਣ ਵਾਲੇ ਵਿਅਕਤੀ ਦੀ ਪਹਿਚਾਣ ਅਤੇ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਨੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਫੀਲਡ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਯਕੀਨੀ ਬਣਾਈ ਜਾਵੇ ਤਾਂ ਜੋ ਹਰ ਲੋੜਵੰਦ ਵਿਅਕਤੀਆਂ ਤੱਕ ਇਸ ਮਹੱਤਵਪੂਰਨ ਸੇਵਾ ਦੀ ਜਾਣਕਾਰੀ ਪਹੁੰਚੇ ਅਤੇ ਕੋਈ ਵੀ ਮਨੋਵਿਗਿਆਨਕ ਪਰੇਸ਼ਾਨੀ ਨਾਲ ਇਕੱਲਾ ਨਾ ਰਹੇ।

Related Articles

Back to top button