
ਜਲੰਧਰ (18-02-2026) – ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜ਼ਿਲ੍ਹਾ ਜਲੰਧਰ ਦੇ ਸਾਰੇ ਬਲਾਕਾਂ ਦੇ ਐਸ.ਐਮ.ਓਜ਼ ਨਾਲ ਅੱਜ ਮੀਟਿੰਗ ਕਰਦਿਆਂ ਕੌਮੀ ਸਿਹਤ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਆਮ ਆਦਮੀ ਕਲੀਨਿਕਾਂ ਦੀ ਸੁਚਾਰੂ ਕਾਰਗੁਜ਼ਾਰੀ ਸਬੰਧੀ ਵਿਸਥਾਰ ਨਾਲ ਸਮੀਖਿਆ ਕੀਤੀ। ਜਿਸ ਵਿੱਚ ਖਾਸ ਤੌਰ ਤੇ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਡਿਜੀਟਲ ਸੁਧਾਰਾਂ, ਬੁਨਿਆਦੀ ਢਾਚੇ ਦੇ ਵਿਸਥਾਰ ਅਤੇ ਮਰੀਜ਼ ਦੇਖਭਾਲ ਤੇ ਜ਼ੋਰ ਦਿੰਦਿਆਂ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ।
ਮੀਟਿੰਗ ਦੌਰਾਨ ਸਿਵਲ ਸਰਜਨ ਡਾਕਟਰ ਰਾਜੇਸ਼ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਹਿਤੈਸ਼ੀ ਸਿਹਤ ਯੋਜਨਾਵਾਂ ਦਾ ਲਾਭ ਹਰ ਨਾਗਰਿਕ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ ਅਤੇ ਸਾਰੇ ਸਿਹਤ ਸੰਸਥਾਨਾਂ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ, ਪਾਰਦਰਸ਼ੀ ਅਤੇ ਗੁਣਵੱਤਾਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਖ਼ਾਸ ਕਰਕੇ ਹਾਈ ਰਿਸਕ ਪ੍ਰੈਗਨੈਂਟ ਔਰਤਾਂ ਦੀ ਪਹਿਲ ਦੇ ਆਧਾਰ ਤੇ ਪਛਾਣ ਕਰਕੇ ਉਨ੍ਹਾਂ ਦਾ ਤੁਰੰਤ ਇਲਾਜ ਕੀਤਾਂ ਜਾਵੇ ਅਤੇ ਐਨਸੀਡੀ ਦੇ ਕੰਮ ਵਿੱਚ ਹੋਰ ਤੇਜੀ ਲਿਆਂਦੀ ਜਾਵੇ।
ਸਿਵਲ ਸਰਜਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਦਵਾਈਆਂ, ਲੈਬ ਟੈਸਟ ਅਤੇ ਤੁਰੰਤ ਇਲਾਜ ਦੀ ਸਹੂਲਤ ਨੂੰ ਬਿਨਾ ਰੁਕਾਵਟ ਜਾਰੀ ਰੱਖਿਆ ਜਾਵੇ। ਖ਼ਾਸ ਕਰਕੇ ਨਵਜੰਮੇ ਅਤੇ ਬਾਲ ਰੋਗ ਸੇਵਾਵਾਂ, ਟੀਕਾਕਰਨ ਅਤੇ ਕੈਂਸਰ ਸਕ੍ਰੀਨਿੰਗ ਵਰਗੀਆਂ ਸਹੂਲਤਾਂ ਵੀ ਸ਼ਾਮਲ ਕੀਤੀਆਂ ਜਾਣ।ਇਸ ਤੋਂ ਇਲਾਵਾ ਉਨ੍ਹਾਂ ਨੇ ਟੈਲੀ-ਮਾਨਸ ਸੇਵਾ ਨੂੰ ਵੀ ਸਰਗਰਮ ਢੰਗ ਨਾਲ ਚਲਾਉਣ ਦੀ ਹਦਾਇਤ ਦਿੱਤੀ ਤਾਂ ਜੋ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਵਾਲੇ ਮਰੀਜ਼ਾਂ ਨੂੰ ਮਾਹਿਰਾਂ ਨਾਲ ਟੋਲ ਫਰੀ ਫੋਨ ਨੰਬਰ 1800-89-14416 ਰਾਹੀਂ ਸਲਾਹ-ਮਸ਼ਵਰਾ ਆਸਾਨੀ ਨਾਲ ਮਿਲ ਸਕੇ ਅਤੇ ਇਸ ਸੇਵਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਈ ਜਾਵੇ।
ਡਾ. ਰਾਜੇਸ਼ ਗਰਗ ਨੇ ਹਦਾਇਤ ਕੀਤੀ ਕਿ ਸਾਰੇ ਐਸ.ਐਮ.ਓਜ਼ ਆਪਣੇ ਅਧੀਨ ਆਉਂਦੇ ਸਿਹਤ ਕੇਂਦਰਾਂ ਦੀ ਨਿਯਮਿਤ ਮਾਨੀਟਰਿੰਗ ਕਰਨ, ਡਾਕਟਰਾਂ ਅਤੇ ਸਟਾਫ ਦੀ ਹਾਜ਼ਰੀ ਯਕੀਨੀ ਬਣਾਉਣ, ਦਵਾਈਆਂ ਦਾ ਪ੍ਰਚੂਰ ਸਟਾਕ ਕਾਇਮ ਰੱਖਣ ਅਤੇ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਨਿਯਮਾਂ ਦੀ ਪੂਰੀ ਪਾਲਣਾ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਨਾਲ ਨਰਮੀ ਭਰਿਆ ਵਿਵਹਾਰ ਕੀਤਾ ਜਾਵੇ, ਸ਼ਿਕਾਇਤ ਨਿਵਾਰਣ ਪ੍ਰਣਾਲੀ ਪ੍ਰਭਾਵੀ ਹੋਵੇ ਅਤੇ ਸਾਰੇ ਰਿਕਾਰਡ ਤੇ ਆਨਲਾਈਨ ਡਾਟਾ ਸਮੇਂ-ਸਮੇਂ ’ਤੇ ਅਪਡੇਟ ਕੀਤਾ ਜਾਵੇ। ਇਸ ਤੋਂ ਇਲਾਵਾ ਪਿੰਡ ਅਤੇ ਸ਼ਹਿਰੀ ਖੇਤਰਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਉੱਚ ਅਧਿਕਾਰੀਆਂ ਨੂੰ ਨਿਯਮਿਤ ਪ੍ਰਗਤੀ ਰਿਪੋਰਟ ਭੇਜੀ ਜਾਵੇ।
ਮੀਟਿੰਗ ਦੇ ਅੰਤ ਵਿੱਚ ਸਿਵਲ ਸਰਜਨ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਾਰੇ ਅਧਿਕਾਰੀ ਆਪਣੀ ਡਿਊਟੀ ਇਮਾਨਦਾਰੀ, ਪਾਰਦਰਸ਼ਤਾ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਲਗਾਤਾਰ ਸੁਧਾਰ ਲਿਆਉਣ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਸਹਾਇਕ ਸਿਹਤ ਅਫ਼ਸਰ ਡਾ. ਮੀਰਾ,ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਅਸੀਮ ਸ਼ਰਮਾ ਅਤੇ ਜ਼ਿਲ੍ਹਾ ਜਲੰਧਰ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਸਹਿਬਾਨ ਮੌਜੂਦ ਸਨ ।