ਸੁਭਾਨਪੁਰ,ਭੁਲੱਥ,ਕਪੂਰਥਲਾ,16 ਮਾਰਚ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੁੰਭਕਰਨੀ ਨੀਂਦ ਸੁੱਤੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਅਤੇ ਦਲਿਤ ਨੌਜਵਾਨ ਰਵੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਕਰਵਾਉਣ ਅਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦਿਵਾਉਣ ਲਈ 17 ਮਾਰਚ ਨੂੰ ਰੋਡ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇਕਰ ਪ੍ਰਸ਼ਾਸਨ ਨੇ ਮਜ਼ਬੂਰ ਕੀਤਾ ਤਾਂ ਧਰਨੇ ਵਿੱਚ ਮ੍ਰਿਤਕ ਦੇਹ ਨੂੰ ਲਿਆਂਦੀ ਜਾਵੇਗੀ। ਦੂਜੇ ਪਾਸੇ ਯੂਨੀਅਨ ਵਲੋਂ ਭਾਰੀ ਬਾਰਸ਼ ਵਿੱਚ ਵੀ ਥਾਣਾ ਸੁਭਾਨਪੁਰ ਅੱਗੇ ਦਿਨ ਰਾਤ ਦਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ।
ਲੰਘੀ ਕੱਲ੍ਹ ਤਹਿਸੀਲਦਾਰ ਢਿਲਵਾਂ ਗੁਰਜਿੰਦਰ ਸਿੰਘ ਵਲੋਂ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਅਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦਿਵਾਉਣ ਦੇ ਭਰੋਸੇ ਤਹਿਤ ਪਰਿਵਾਰ ਦੀ ਸਹਿਮਤੀ ਉਪਰੰਤ ਅੱਜ ਸੁਭਾਨਪੁਰ ਪੁਲਿਸ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਬੋਰਡ ਤੋਂ ਮ੍ਰਿਤਕ ਰਵੀ ਦਾ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।ਇਸ ਮੌਕੇ ਪੀੜਤ ਪਰਿਵਾਰ ਨੇ ਰਹਿਦੀਆਂ ਮੰਗਾਂ ਦੇ ਹੱਲ ਹੋਣ ਤੱਕ ਸੰਸਕਾਰ ਨਾ ਕਰਨ ਫ਼ੈਸਲਾ ਕੀਤਾ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ 3 ਮਾਰਚ ਦੀ ਘਟਨਾ ਹੋਈ ਨੂੰ ਅੱਜ 2 ਹਫ਼ਤੇ ਹੋ ਚੱਲੇ ਹਨ। ਪਰ ਪੁਲਿਸ ਪ੍ਰਸ਼ਾਸਨ ਵਲੋਂ ਦਲਿਤ ਨੌਜਵਾਨ ਰਵੀ ਦੇ ਕਤਲ ਸੰਬੰਧੀ ਦਰਜ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਦਲਿਤ ਵਿਰੋਧੀ ਰਵੱਈਆ ਧਾਰਨ ਕੀਤਾ ਹੋਇਆ ਅਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਪ੍ਰਸ਼ਾਸਨ ਸਿਆਸੀ ਦਬਾਅ ਹੇਠ ਇਸ ਮਸਲੇ ਉੱਪਰ ਪਹਿਲੇ ਦਿਨ ਤੋਂ ਹੀ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਜਾਣਬੁੱਝ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਪ੍ਰਸ਼ਾਸਨ ਦੇ ਇਸ ਰਵੱਈਏ ਚੋਂ ਮਨੂੰਵਾਦ ਦੀ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਬੈਠੇ ਕੁੱਝ ਅਧਿਕਾਰੀ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸੁਣਨ ਲਈ ਪੰਜਾਬ ਪੁਲਿਸ ਦੇ ਕਿੱਸੇ ਬਹੁਤ ਪ੍ਰਚੱਲਤ ਹਨ ਕਿ ਕਸੂਰਵਾਰਾਂ ਨੂੰ ਪਤਾਲ ਚੋਂ ਵੀ ਲੱਭ ਲਿਆਉਂਦੇ ਹਨ,ਸਾਬਕਾ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨਾਲ ਠੱਗੀ ਮਾਰਨ ਵਾਲਿਆਂ ਨੂੰ ਦੂਰ ਦਰਾਡੀ ਦੂਜੀ ਸਟੇਟ ਚੋਂ ਕੁੱਝ ਘੰਟਿਆਂ ਵਿੱਚ ਹੀ ਫ਼ੜ ਕੇ ਲੈ ਆਈ, ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਹੇਠ ਪੰਜਾਬ ਅੰਦਰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਦੀਆਂ ਛਾਤੀਆਂ,ਲੱਤਾਂ ਵਿੱਚ ਗੋਲੀਆਂ ਮਾਰਨ ਲੱਗੇ ਮਿੰਟ ਵੀ ਨਹੀਂ ਲਗਾਉਂਦੀ ਪ੍ਰੰਤੂ ਮਰਨ ਵਾਲਾ ਨੌਜਵਾਨ ਦਲਿਤ ਭਾਈਚਾਰੇ ਨਾਲ ਸਬੰਧਿਤ ਅਤੇ ਦੂਜਾ ਬੇਜ਼ਮੀਨਾਂ ਹੋਣ ਕਰਕੇ ਉਸਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਸਗੋਂ ਉਹਨਾਂ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ,ਆਰ ਐੱਸ ਐੱਸ ਦੇ ਰਾਜਾਂ ਵਿੱਚ ਦਲਿਤਾਂ ਉੱਤੇ ਇੰਤਹਾ ਦੇ ਜ਼ਬਰ ਜ਼ੁਲਮ ਕਰਨ ਵਾਲਿਆਂ ਨਾਲ ਸਾਂਝ ਭਿਆਲੀ ਸਭ ਦੇ ਸਾਹਮਣੇ ਹੈ ਅਤੇ ਉਸ ਤਰਜ਼ ਉੱਤੇ ਹੀ ਭਾਜਪਾ,ਆਰ ਐੱਸ ਐੱਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਬੀ ਟੀਮ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਵੀ ਦਲਿਤ ਮਜ਼ਦੂਰਾਂ ਉੱਪਰ ਜ਼ਬਰ ਜ਼ੁਲਮ ਬੇਰੋਕ ਜਾਰੀ ਹਨ। ਸਿਆਸੀ ਲਾਹਾ ਲੈਣ ਲਈ ਵਿੱਤ ਮੰਤਰੀ,ਹਰਭਜਨ ਸਿੰਘ ਈਟੀਓ ਵਗੈਰਾ ਦਲਿਤ ਦਲਿਤ ਦਾ ਢੰਡੋਰਾ ਪਿੱਟਦੇ ਸ਼ਾਹ ਨਹੀਂ ਲੈਂਦੇ। ਇਸ ਮਸਲੇ ਉੱਤੇ ਆਮ ਆਦਮੀ ਪਾਰਟੀ ਦੇ ਦਲਿਤ ਮੰਤਰੀਆਂ, ਵਿਧਾਇਕਾਂ ਦੀ ਜ਼ੁਬਾਨ ਨੂੰ ਤਾਲੇ ਲੱਗੇ ਹੋਏ ਹਨ।
ਉਨ੍ਹਾਂ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ 17 ਮਾਰਚ ਕੀਤੇ ਜਾਣ ਵਾਲੇ ਰੋਡ ਜਾਮ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

*ਕੈਪਸਨ: ਪੀੜਤ ਪਰਿਵਾਰ ਸਮੇਤ ਗੱਲਬਾਤ ਕਰਦੇ ਹੋਏ ਯੂਨੀਅਨ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਥਾਣੇ ਅੱਗੇ ਨਾਅਰੇਬਾਜ਼ੀ ਕਰਦੇ ਧਰਨਾਕਾਰੀ।