
ਜਲੰਧਰ (25.03.2026) – ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਭਲਾਈ ਮੰਤਰ ਡਾ. ਬਲਬੀਰ ਸਿੰਘ ਜੀ ਦੀ ਅਗਵਾਈ ਹੇਠ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਲਗਾਤਾਰ ਉਪਰਾਲੇ ਜਾਰੀ ਹਨ। ਇਸਦੇ ਮੱਦੇਨਜਰ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਜਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਸਮੂਹ ਐਸ.ਐਮ.ਓਜ਼ ਨਾਲ ਬੁੱਧਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ, ਆਮ ਆਦਮੀ ਕਲੀਨਿਕ, ਐਚ.ਪੀ.ਵੀ. ਟੀਕਾਕਰਨ ਅਤੇ 100 ਦਿਨਾਂ ਦੀ ਇੰਟੈਸਿਵ ਟੀ.ਬੀ. ਐਲੀਮਿਨੇਸ਼ਨ ਕੈਂਪੇਨ ‘ਤੇ ਚਰਚਾ ਕੀਤੀ ਗਈ ਅਤੇ ਸਮੂਹ ਐਸ.ਐਮ.ਓਜ਼ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਹਦਾਇਤ ਦਿੰਦੇ ਹੋਏ ਕਿਹਾ ਕਿ ਐਮ.ਐਮ.ਐਸ.ਵਾਈ. ਦੇ ਨਾਮਾਂਕਣ ਲਈ ਨਰਸਿੰਗ ਵਿਦਿਆਰਥਣਾਂ ਅਤੇ ਆਸ਼ਾ ਵਰਕਰਾਂ ਦਾ ਯੋਗਦਾਨ ਯਕੀਨੀ ਬਣਾਉਂਦੇ ਹੋਏ ਉਪਰਾਲੇ ਕੀਤੇ ਜਾਣ ਅਤੇ ਨਰਸਿੰਗ ਵਿਦਿਆਰਥਣਾਂ ਦੇ ਸਮਰਥਨ ਨਾਲ ਜ਼ਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦੀ ਓ.ਪੀ.ਡੀ. ਵਿੱਚ ਐਮ.ਐਮ.ਐਸ.ਵਾਈ. ਤਹਿਤ ਨਾਮਾਂਕਣ ਨੂੰ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਜਿਲ੍ਹੇ ਵਿੱਚ ਬਸਤੀ ਸ਼ੇਖ, ਓਲਡ ਤਹਿਸੀਲ ਕਰਤਾਰਪੁਰ, ਮਲਕੋ ਤਰਾੜ ਨਕੋਦਰ ਰੋਡ, ਮੁਹੱਲਾ ਗਾਂਓਂ ਸੁਵਿਧਾ ਕੇਂਦਰ ਨਕੋਦਰ, ਨੰਗਲ ਸ਼ਾਮਾ, ਰਾਮਗੜੀਆ ਮੁਹੱਲਾ, ਰਹਿਮਾਨਪੁਰਾ, ਸੇਵਾ ਕੇਂਦਰ ਫਿਲੌਰ ਅਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਸਾਬੋਵਾਲ ਵਿਖੇ 9 ਨਵੇਂ ਆਮ ਆਦਮੀ ਕਲੀਨਿਕ 28 ਮਾਰਚ 2026 ਤੋਂ ਖੁਲ ਰਹੇ ਹਨ। ਉਨ੍ਹਾਂ ਨੇ ਸਮੂਹ ਐਸ.ਐਮ.ਓਜ਼. ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜਾਂ ਨੂੰ 102 ਤਰ੍ਹਾਂ ਦੀਆਂ ਦਵਾਈਆਂ ਬਿਨਾ ਕਿਸੇ ਖਰਚ ਦੇ ਮਿਲਣਗੀਆਂ, ਇਸਦੇ ਨਾਲ ਹੀ 47 ਤਰ੍ਹਾਂ ਦੇ ਲੈਬ ਟੈਸਟ ਦੀ ਸੁਵਿਧਾ, ਗਰਭਵਤੀ ਔਰਤਾਂ ਲਈ ਐਮਪੈਨਲਡ ਸੈਂਟਰ ‘ਤੇ ਮੁਫਤ ਸਕੈਨਿੰਗ ਅਤੇ ਓਪੀਡੀ ਦੌਰਾਨ ਐਂਟੀ ਰੈਬੀਜ਼ ਵੈਕਸੀਨ ਦੀ ਸੁਵਿਧਾ ਵੀ ਮੁਫ਼ਤ ਉਪਲਬਧ ਹੋਵੇਗੀ। ਇਸ ਲਈ ਇਸ ਸੰਬੰਧੀ ਸਾਰੇ ਪੁਖਤਾ ਇੰਤਜਾਮ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਜਾਣ।