ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ 28 ਮਾਰਚ ਨੂੰ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਧਰਮ ਪ੍ਰਚਾਰ ਲਈ ਰੱਖਿਆ ਜਾਂਦਾ ਬਜਟ ਵਧਾਇਆ ਜਾਣਾ ਚਾਹੀਦਾ ਹੈ ਤਾਂ ਜੋ ਸਰਹੱਦੀ ਖੇਤਰ ਵਿੱਚ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ ਪਾਈ ਜਾ ਸਕੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੁੰਦਿਆਂ ਕਹਿ ਚੁੱਕੇ ਹਨ ਕਿ ਬਜਟ ਇਜਲਾਸ ਘੱਟੋ-ਘੱਟ ਇਕ ਹਫਤਾ ਲੰਬਾ ਹੋਣਾ ਚਾਹੀਦਾ ਹੈ ਤਾਂ ਜੋ ਪੰਥਕ ਮੁੱਦਿਆਂ ‘ਤੇ ਗੰਭੀਰਤਾ ਨਾਲ ਵਿਚਾਰ ਹੋ ਸਕੇ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਤਰਾਂ ਦੇ ਘਪਲਿਆਂ ਦਾ ਸ਼ਿਕਾਰ ਹੈ ਜਿਸ ਬਾਰੇ ਆਡਿਟ ਕਰਵਾ ਕੇ ਸਾਰੀ ਸੱਚਾਈ ਸੰਗਤਾਂ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ। ਤਾਂ ਜੋ ਇਸ ਪੰਥਕ ਸੰਸਥਾ ਦਾ ਆਧਾਰ ਲੋਕਾਂ ਵਿੱਚ ਮਜ਼ਬੂਤ ਬਣੇ।
ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਪੀ ਟੀ ਸੀ ਵੱਲ ਰਹਿੰਦੇ ਕਰੋੜਾਂ ਰੁਪਏ ਬਕਾਏ ਦੀ ਵਸੂਲੀ ਦਾ ਮੁੱਦਾ ਚੁੱਕਿਆ ਸੀ, ਸ਼੍ਰੋਮਣੀ ਕਮੇਟੀ ਨੂੰ ਉਸ ਬਾਰੇ ਵੀ ਚਾਰਾਜੋਈ ਕਰਕੇ ਗੁਰੂ ਘਰ ਦੀ ਬਣਦੀ ਰਕਮ ਵਸੂਲਣੀ ਚਾਹੀਦੀ ਹੈ। ਇਹ ਕਰੋੜਾਂ ਰੁਪਿਆ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ‘ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਜਿਸ ਨਾਲ ਸਿੱਖੀ ਪਰਵਾਰ ਵਿੱਚ ਹੋਰ ਵਾਧਾ ਹੋਵੇਗਾ। ਸ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਸੰਸਥਾ ਹੈ। ਪਰ ਐਸ ਵੇਲੇ ਇਕ ਪਰਵਾਰ ਦਾ ਕਬਜਾ ਹੋਣ ਕਰਕੇ ਪੰਥਕ ਮਸਲਿਆਂ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਾਂਦਾ ਹੈ। ਵਿਰੋਧੀਆਂ ਦੀ ਅਵਾਜ ਵੀ ਨਹੀਂ ਸੁਣੀ ਜਾਂਦੀ। ਅਸੀਂ ਆਸ ਕਰਦੇ ਹਾਂ ਕਿ ਬਹੁਗਿਣਤੀ ਮੈਂਬਰ ਆਪਣੀ ਜਮੀਰ ਦੀ ਅਵਾਜ ਸੁਣ ਕੇ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰੇ ਲਈ ਆਪਣੇ ਆਗੂਆਂ ‘ਤੇ ਜੋਰ ਪਾਉਣਗੇ। ਜਿਸ ਨਾਲ ਗੁਰੂ ਸਹਿਬਾਨ ਦੇ ਗੋਸ਼ਟੀ ਕਰਨ ਦੇ ਵਿਚਾਰ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਨਾਲ ਇਹ ਬਜਟ ਇਜਲਾਸ ਹੱਥ ਖੜ੍ਹੇ ਕਰਕੇ ਜੈਕਾਰੇ ਛੱਡਣ ਵਾਲੀ ਪੁਰਾਣੀ ਰਵਾਇਤ ਤੋਂ ਹਟ ਕੇ ਨਵਾਂ ਇਤਿਹਾਸ ਸਿਰਜ ਸਕੇਗਾ।