ਕਰਤਾਰਪੁਰ,2 ਅਪ੍ਰੈਲ,
ਨੇੜਲੇ ਪਿੰਡ ਪੱਤੜ ਕਲਾਂ ਵਿਖੇ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਦੀ ਭੰਨਤੋੜ ਕਰਨ ਅਤੇ ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਵਾਉਣ ਲਈ ਵੱਖ ਵੱਖ ਜਨਤਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਰਵੱਈਏ ਦੇ ਖਿਲਾਫ਼ ਥਾਣੇ ਦੇ ਸਾਹਮਣੇ ਸੜਕ ਉੱਤੇ ਜਾਮ ਲਗਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਹ ਮੋਰਚਾ ਦੁਪਹਿਰ 2:30 ਵਜੇ ਤੋਂ ਸ਼ੁਰੂ ਹੋਇਆ ਜੋ ਹੁਣ ਤੱਕ ਜਾਰੀ ਹੈ।
ਇਸ ਮੌਕੇ ਗੱਲਬਾਤ ਲਈ ਕਪਤਾਨ ਪੁਲਿਸ ਸਥਾਨਕ ਡਾਕਟਰ ਮੁਕੇਸ਼ ਕੁਮਾਰ ਨੇ ਆਗੂਆਂ ਨਾਲ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਪ੍ਰੰਤੂ ਗੱਲਬਾਤ ਕਿਸੇ ਪਾਸੇ ਨਹੀਂ ਲੱਗੀ।
ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੁਕੱਦਮਾ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਇਸ ਮੌਕੇ ਪਿੰਡ ਪੱਤੜ ਕਲਾਂ ਦੇ ਵਾਸੀਆਂ ਸਰਬਜੀਤ ਸਿੰਘ,ਸਨੀ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸਾਲ 1974 ਨੂੰ ਬੇਘਰਿਆਂ ਨੂੰ ਘਰ ਸਕੀਮ ਤਹਿਤ ਸਰਕਾਰ ਵਲੋਂ ਸਾਡੇ ਐੱਸ ਸੀ ਭਾਈਚਾਰੇ ਨਾਲ ਸੰਬੰਧਿਤ 100 ਤੋਂ ਵੱਧ ਬਜ਼ੁਰਗਾਂ ਨੂੰ ਪੰਚਾਇਤੀ ਜ਼ਮੀਨ ਚੋਂ 4-4 ਮਰਲੇ ਦੇ ਰਿਹਾਇਸ਼ੀ ਪਲਾਟ ਅਲਾਟ ਹੋਏ ਸਨ। ਜਿਸ ਦੇ ਇੰਤਕਾਲ ਵੀ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਦਰਜ ਹਨ। ਇਹਨਾਂ ਪਲਾਂਟਾਂ ਵਾਲੀ ਜ਼ਮੀਨ ਪਾਸ ਪਾਠ ਪੂਜਾ ਅਤੇ ਸੇਵਾ ਲਈ ਵਾਲਮੀਕਿ ਭਾਈਚਾਰੇ ਵਲੋਂ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਸਥਾਪਿਤ ਕਰਕੇ ਨਿਸ਼ਾਨ ਸਾਹਿਬ ਲਗਾਇਆ ਹੋਇਆ ਹੈ। ਮਿਤੀ 31 ਮਾਰਚ ਨੂੰ ਜਦੋਂ ਅਸੀਂ ਉਪਰੋਕਤ ਭਗਵਾਨ ਵਾਲਮੀਕਿ ਜੀ ਦੇ ਸਥਾਨ ਉੱਤੇ ਆ ਕੇ ਦੇਖਿਆ ਕਿ ਕਿਸੇ ਵਲੋਂ ਨਿਸ਼ਾਨ ਸਾਹਿਬ ਦੀ ਭੰਨਤੋੜ ਕਰਕੇ ਬੇਅਦਬੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਮਿਤੀ 28 ਮਾਰਚ ਨੂੰ ਇਸ ਸਥਾਨ ਉੱਤੇ ਪਿੰਡ ਦੇ ਕੁੱਝ ਲੋਕ ਆਏ ਸਨ,ਜੋ ਸਾਨੂੰ ਧਮਕੀਆਂ ਦੇ ਕੇ ਗਏ ਸਨ ਕਿ ਤੁਸੀਂ ਨਿਸ਼ਾਨ ਸਾਹਿਬ ਲਗਾਇਆ ਹੈ,ਅਸੀਂ ਇਸਨੂੰ ਪੁੱਟ ਦੇਵਾਂਗੇ ਅਤੇ ਧਾਰਮਿਕ ਸਥਾਨ ਅਤੇ ਪਲਾਟਾਂ ਵਾਲੀ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕਰਕੇ ਹੀ ਦਮ ਲਵਾਂਗੇ। ਉਹਨਾਂ ਵਿਅਕਤੀਆਂ ਨੇ ਹੀ ਸਾਜ਼ਿਸ਼ ਤਹਿਤ ਨਿਸ਼ਾਨ ਸਾਹਿਬ ਦੀ ਭੰਨਤੋੜ ਕਰਕੇ ਬੇਅਦਬੀ ਕਰਵਾਈ ਹੈ। ਅਸੀਂ ਭਗਵਾਨ ਵਾਲਮੀਕਿ ਜੀ ਦੇ ਸ਼ਰਧਾਲੂ ਹਾਂ। ਕਰਵਾਈ ਭੰਨਤੋੜ ਤੇ ਬੇਅਦਬੀ ਨਾਲ ਸਾਡੇ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਕਪਤਾਨ ਪੁਲਿਸ ਸਥਾਨਕ ਅਤੇ ਥਾਣਾ ਮੁੱਖੀ ਵਲੋਂ ਤਿੰਨ ਦਿਨ ਪਹਿਲਾਂ ਕਈ ਘੰਟੇ ਸਾਡੇ ਨਾਲ ਗੱਲਬਾਤ ਕਰਕੇ ਇੱਕ ਘੰਟੇ ਵਿੱਚ ਪਰਚਾ ਦਰਜ ਕਰਨ ਸਾਡੇ ਪਾਸੋਂ ਲਿਖ਼ਤੀ ਦਰਖ਼ਾਸਤ ਲੈ ਲਈ ਗਈ ਸੀ,ਜਿਸ ਵਿੱਚ ਉਹਨਾਂ ਵਿਅਕਤੀਆਂ ਦੇ ਨਾਂ ਦਰਜ ਕਰ ਦਿੱਤੇ ਗਏ ਸਨ ਲੇਕਿਨ ਬੇਅਦਬੀ ਕਰਵਾਉਣ ਦੀ ਸਾਜ਼ਿਸ਼ ਕਰਤਾ ਵਿਅਕਤੀ ਸੱਤਾਧਾਰੀ ਧਿਰ ਨਾਲ ਸੰਬੰਧਿਤ ਹੋਣ ਕਰਕੇ ਉੱਚ ਸਿਆਸੀ ਦਬਾਅ ਹੇਠ ਪੁਲਿਸ ਪਰਚਾ ਦਰਜ ਕਰਨ ਤੋਂ ਇਨਕਾਰੀ ਹੈ।
ਆਗੂਆਂ ਨੇ ਦੋਸ਼ ਲਗਾਇਆ ਕਿ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਮਰਦ ਤੇ ਔਰਤਾਂ ਜਦੋਂ ਥਾਣਾ ਕਰਤਾਰਪੁਰ ਪੁੱਜੇ ਤਾਂ ਪੁਲਿਸ ਅਧਿਕਾਰੀਆਂ ਨੇ ਥਾਣੇ ਦੇ ਗੇਟ ਨੂੰ ਜਿੰਦਰਾਂ ਮਰ ਕੇ ਬੰਦ ਕਰ ਲਿਆ। ਉਨ੍ਹਾਂ ਕਿਹਾ ਕਿ ਜਦੋਂ ਥਾਣੇ ਦਾ ਗੇਟ ਹੀ ਜ਼ਿੰਦਾ ਮਾਰ ਕੇ ਬੰਦ ਕਰ ਲਿਆ ਤਾਂ ਇਨਸਾਫ਼ ਦੀ ਆਸ ਕਿਸ ਤੋਂ ਕੀਤੀ ਜਾ ਸਕਦੀ। ਸੜਕ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਾਜ਼ਿਸ਼ ਤਹਿਤ ਬੇਅਦਬੀ ਕਰਵਾਉਣ ਵਾਲਿਆਂ ਨੂੰ ਸੱਤਾਧਾਰੀ ਧਿਰ ਦੇ ਦਬਾਅ ਹੇਠ ਬਚਾਅ ਰਿਹਾ ਹੈ ਅਤੇ ਕਾਰਵਾਈ ਕਰਨ ਤੋਂ ਸਾਫ਼ ਇਨਕਾਰ ਕਰ ਰਿਹਾ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਪੱਖਪਾਤੀ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਸ ਮੌਕੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ,ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ,ਜੌਰਜ ਚੰਦ ਪਾੜਾ,ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜੱਸੀ ਤੱਲਣ, ਅੰਬੇਡਕਰ ਸੈਨਾ ਦੇ ਪ੍ਰਧਾਨ ਬਲਵਿੰਦਰ ਬੁੱਗਾ, ਨਹਿੰਗ ਸਿੰਘ ਜਥੇਬੰਦੀਆਂ ਮਿਸਲ ਬਾਬਾ ਜੀਵਨ ਸਿੰਘ ਤੋਂ ਜਥੇਦਾਰ ਬਾਬਾ ਹੀਰਾ ਸਿੰਘ, ਜਥੇਦਾਰ ਬਾਬਾ ਰਵੀਪਾਲ ਸਿੰਘ ਆਨੰਦਪੁਰ ਵਾਲੇ ਅਤੇ ਭਗਵਾਨ ਵਾਲਮੀਕ ਕਮਲੇਸ਼ਵਰ ਐਜੁਕੇਸਨ ਟਰੱਸਟ ਚਰਨਜੀਤ ਹੰਸ ਤੋਂ ਆਦਿ ਨੇ ਵੀ ਸੰਬੋਧਨ ਕੀਤਾ।