ਜਲੰਧਰ, 11 ਅਪ੍ਰੈਲ,
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਅਮਰੀਕੀ ਸਾਮਰਾਜ-ਇਜ਼ਰਾਇਲ ਵਲੋਂ ਇਰਾਨ ਖਿਲਾਫ਼ ਛੇੜੀ ਨਿਹੱਕੀ ਜੰਗ ਖਿਲਾਫ਼ 16 ਅਪ੍ਰੈਲ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸਾਂਝੀ ਕਨਵੈਨਸ਼ਨ ਅਤੇ ਮੁਜ਼ਾਹਰੇ ਵਿੱਚ ਪਾਰਟੀ ਸਫ਼ਾ, ਜਮਹੂਰੀਅਤ ਪਸੰਦ ਤੇ ਅਮਨ ਪਸੰਦ ਸ਼ਹਿਰੀਆਂ ਨੂੰ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।
ਪਾਰਟੀ ਵਲੋਂ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਮਰੀਕੀ ਸਾਮਰਾਜ- ਇਜ਼ਰਾਇਲ ਜੁੰਡਲੀ ਵਲੋਂ ਇਰਾਨ ਖਿਲਾਫ਼ ਨਿਹੱਕੀ ਜੰਗ ਛੇੜੀ ਗਈ। ਇਸ ਦੌਰਾਨ ਅਮਨਸ਼ਾਂਤੀ ਲਈ ਨੋਬਲ ਪੁਰਸਕਾਰ ਲੈਣ ਦੇ ਦਾਅਵੇਦਾਰ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਇਰਾਨ ਦੀ ਅਮੀਰ ਸੱਭਿਅਤਾ ਨੂੰ ਮਲੀਆਮੇਟ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।ਇਹ ਜੰਗ ਅਸਲ ‘ਚ ਈਰਾਨ ਸਮੇਤ ਮੱਧ ਪੂਰਬ ਖਿੱਤੇ ਦੇ ਸਾਰੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਅਤੇ ਕੁਦਰਤੀ ਤੇ ਮਾਨਵੀ ਵਸੀਲੇ ਹਥਿਆਉਣ ਲਈ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਬੇਗੁਨਾਹਾਂ ਦੀ ਬਲੀ ਲੈਣ ਵਾਲੀ ਤੇ ਵਿਸ਼ਵ ਦੇ ਸਾਰੇ ਦੇਸ਼ਾਂ, ਖਾਸ ਕਰਕੇ ਏਸ਼ੀਆਈ ਮੁਲਕਾਂ ਦੇ ਅਰਥਚਾਰੇ ਝੰਜੋੜ ਸੁੱਟਣ ਵਾਲੀ ਖਾੜੀ ਜੰਗ ਤੁਰੰਤ ਬੰਦ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦੋ ਹਫਤਿਆਂ ਦੀ ਅਸਥਾਈ ਜੰਗਬੰਦੀ ਦੀ ਬਣੀ ਸਹਿਮਤੀ ਦੇ ਬਾਵਜੂਦ ਇਜ਼ਰਾਇਲ ਵਲੋਂ ਲਿਬਲਾਨ ਦੀ ਸ਼ਹਿਰੀ ਵਸੋਂ ਉੱਪਰ ਜ਼ੋਰਦਾਰ ਹਮਲੇ ਕਰਕੇ ਚੱਲ ਰਹੀ ਸ਼ਾਂਤੀ ਵਾਰਤਾ ਵਿੱਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ। ਜੋ ਅਤਿ ਨਿੰਦਣਯੋਗ ਹੈ ਅਤੇ ਇਸਦਾ ਜ਼ੋਰਦਾਰ ਵਿਰੋਧ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਇਲ ਦਾ ਸਾਜ਼ਿਸ਼ੀ ਸਾਥ ਦੇਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦਾ ਸਵੈਮਾਨ ਘੱਟੇ ਰੋਲ ਦਿੱਤਾ ਹੈ ਤੇ ਦੇਸ਼ ਵਾਸੀਆਂ ਨੂੰ ਅਣ ਕਿਆਸੀਆਂ ਮੁਸੀਬਤਾਂ ‘ਚ ਫਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਅਮਨ ਪਸੰਦ ਲੋਕਾਂ ਦੇ ਦਬਾਅ ਸਦਕਾ ਹੋਈ ਅਸਥਾਈ ਜੰਗਬੰਦੀ ਦੇ ਬਾਵਜੂਦ ਸਾਮਰਾਜੀ ਜਰਵਾਣੇ, ਖਾਸ ਕਰਕੇ ਅਮਰੀਕਾ ਆਪਣੇ ਅੰਦਰੂਨੀ ਸੰਕਟ ਦਾ ਬੋਝ ਨਵੇਂ ਆਜ਼ਾਦ ਹੋਏ ਦੇਸ਼ਾਂ ਸਿਰ ਮੱੜਨ ਦੇ ਇਰਾਦੇ ਤਹਿਤ ਆਪਣੀਆਂ ਜੰਗ ਭੜਕਾਊ ਸਾਜਿਸ਼ਾਂ ਤੇ ਪਸਾਰਵਾਦੀ ਮਨਸੂਬਿਆਂ ਤੋਂ ਬਾਜ ਨਹੀਂ ਆਉਣ ਲੱਗਾ। ਉਨ੍ਹਾਂ ਸਮੁੱਚੇ ਸੰਸਾਰ ਨੂੰ ਜੰਗਾਂ-ਯੁੱਧਾਂ ਤੋਂ ਮੁਕੰਮਲ ਮੁਕਤੀ ਦਿਵਾਉਣ ਲਈ ਸਾਮਰਾਜੀ ਲੁੱਟ ਤੇ ਦਾਬੇ ਖਿਲਾਫ਼ ਵਿਸ਼ਾਲ ਲੋਕ ਲਾਮਬੰਦੀ ‘ਤੇ ਅਧਾਰਤ ਤਿੱਖੇ ਤੇ ਬੱਝਵੇਂ, ਸੰਸਾਰ ਵਿਆਪੀ ਲੋਕ ਅੰਦੋਲਨ ਵਿੱਢਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਹੈ।
ਪਾਰਟੀ ਵਲੋਂ ਅਮਰੀਕੀ ਸਾਮਰਾਜ-ਇਜ਼ਰਾਇਲ ਵਲੋਂ ਇਰਾਨ ਖਿਲਾਫ਼ ਛੇੜੀ ਨਿਹੱਕੀ ਜੰਗ ਖਿਲਾਫ਼ 16 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਸਾਂਝੀ ਕਨਵੈਨਸ਼ਨ ਅਤੇ ਮੁਜ਼ਾਹਰੇ ਵਿੱਚ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।

*ਕੈਪਸਨ: ਕਾਮਰੇਡ ਅਜਮੇਰ ਸਿੰਘ (ਫ਼ਾਇਲ ਫ਼ੋਟੋ)।*

ਜਾਰੀ ਕਰਤਾ,
ਕਾਮਰੇਡ ਅਜਮੇਰ ਸਿੰਘ
9815326645