ਸੰਗਰੂਰ, 29 ਅਪ੍ਰੈਲ ( ) ਪਿਛਲੇ ਚਾਰ ਸਾਲਾਂ ਤੋਂ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਸਥਾਨਕ ਕੋਠੀ ਦਾ ਘਿਰਾਓ ਕਰਨਗੇ। ਉਕਤ ਜਾਣਕਾਰੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨਦੀਪ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਸਾਂਝੇ ਤੌਰ ‘ਤੇ ਦਿੱਤੀ। ਉਹਨਾਂ ਦੱਸਿਆ ਕਿ ਉਹ ਜਿੱਥੇ ਪਿਛਲੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਭਟਕ ਰਹੇ ਹਨ, ਉਥੇ ਪਿਛਲੇ 25 ਦਸੰਬਰ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ਾਂਤਮਈ ਪੱਕਾ ਮੋਰਚਾ ਲਗਾ ਕੇ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਲੈ ਕੇ ਪ੍ਰੋਫ਼ੈਸਰ ਤੱਕ ਦੀ ਇੱਕ ਵੀ ਅਸਾਮੀ ਚਾਰ ਸਾਲਾਂ ਵਿੱਚ ਨਹੀਂ ਭਰੀ, ਸਗੋਂ ਪਿਛਲੀਆਂ ਸਰਕਾਰਾਂ ਮੌਕੇ ਜਾਰੀ ਹੋਈਆਂ 343 ਲੈਕਚਰਾਰ ਅਤੇ 646 ਪੀਟੀਆਈ ਅਧਿਆਪਕਾਂ ਦੀਆਂ ਭਰਤੀਆਂ ਰੱਦ ਜਰੂਰ ਕੀਤੀਆਂ ਹਨ। ਉਹਨਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਵਾਰ ਐਲਾਨ ਕੀਤਾ ਸੀ ਕਿ ਰੁਜ਼ਗਾਰ ਉਡੀਕਦੇ ਹੋਏ ਓਵਰਏਜ਼ ਹੋ ਚੁੱਕੇ ਬੇਰੁਜ਼ਗਾਰਾਂ ਲਈ ਉਹਨਾਂ ਦੀ ਸਰਕਾਰ ਭਰਤੀ ਹੋਣ ਦੀ ਉੱਪਰਲੀ ਉਮਰ ਸੀਮਾ ਵਿੱਚ ਛੋਟ ਦੇਵੇਗੀ। ਪ੍ਰੰਤੂ ਵਾਪਰਿਆ ਬਿਲਕੁਲ ਉਲਟ ਹੈ ਕਿ ਪਿਛਲੀਆਂ ਸਰਕਾਰਾਂ ਮੌਕੇ ਓਵਰਏਜ਼ ਹੋ ਚੁੱਕੇ ਬੇਰੁਜ਼ਗਾਰਾਂ ਨੂੰ ਛੱਡੋ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੰਘੇ ਚਾਰ ਸਾਲਾਂ ਵਿੱਚ ਹਜ਼ਾਰਾਂ ਹੋਰ ਬੇਰੁਜ਼ਗਾਰ ਓਵਰਏਜ਼ ਹੋ ਚੁੱਕੇ ਹਨ, ਜਿੰਨਾ ਦੇ ਭਵਿੱਖ ਤਬਾਹ ਕਰਨ ਦੀ ਜ਼ਿੰਮੇਵਾਰ ਸ੍ਰ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਹੈ। ਉਹਨਾਂ ਅੱਗੇ ਦੱਸਿਆ ਕਿ ਸਾਲ 2018 ਵਿੱਚ ਕਾਂਗਰਸ ਸਰਕਾਰ ਨੇ ਸਿੱਖਿਆ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਤਰਕਹੀਣ ਸੋਧ ਕਰਕੇ ਮਾਸਟਰ ਕੇਡਰ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਲਈ ਜਰੂਰੀ ਕੀਤਾ ਸੀ ਕਿ ਬੀ ਐਡ ਅਤੇ ਟੈੱਟ ਪਾਸ ਜਨਰਲ ਸ੍ਰੇਣੀਆਂ ਦੇ ਉਮੀਦਵਾਰਾਂ ਦੇ ਗ੍ਰੈਜੂਏਸ਼ਨ ਵਿੱਚੋਂ ਪ੍ਰਾਪਤ ਅੰਕਾਂ ਦੀ ਪ੍ਰਤੀਸ਼ਤਤਾ 55 ਫੀਸਦੀ ਲਾਜ਼ਮੀ ਹੋਣੀ ਚਾਹੀਦੀ ਹੈ ਅਤੇ ਰਾਖਵੀਆਂ ਸ੍ਰੇਣੀਆਂ ਲਈ 5 ਫ਼ੀਸਦੀ ਅੰਕਾਂ ਦੀ ਛੋਟ ਭਾਵ 50 ਫੀਸਦੀ ਰੱਖੀ ਗਈ ਸੀ। ਉਸ ਮੌਕੇ ਬੇਰੁਜ਼ਗਾਰਾਂ ਨੇ ਇਸ ਬੇਤੁਕੀ ਸ਼ਰਤ ਦਾ ਵਿਰੋਧ ਕਰਕੇ ਇਸਨੂੰ ਰੱਦ ਕਰਵਾਇਆ ਸੀ। ਇਸੇ ਮਾਰੂ ਸ਼ਰਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੜ ਲਾਗੂ ਕਰ ਦਿੱਤਾ ਹੈ। ਇਸ ਲਈ ਉਹ ਇਸਨੂੰ ਰੱਦ ਕਰਵਾਉਣ, ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਦਾ ਉਮਰ ਹੱਦ ਛੋਟ ਸਮੇਤ ਇਸ਼ਤਿਹਾਰ ਜਾਰੀ ਕਰਵਾਉਣ, ਸਕੂਲ ਲੈਕਚਰਾਰ ਦੀਆਂ ਰੱਦ ਕੀਤੀਆਂ 343 ਅਸਾਮੀਆਂ ਵਿੱਚ ਬਾਕੀ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਜੋੜ ਕੇ ਖਾਲੀ ਪਈਆਂ ਸਾਰੀਆਂ ਅਸਾਮੀਆਂ ਉੱਤੇ ਉਮਰ ਹੱਦ ਛੋਟ ਸਮੇਤ ਭਰਤੀ ਕਰਵਾਉਣ, ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਜਾਰੀ ਕਰਵਾਉਣ ਲਈ ਮੁੜ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਕੀਤਾ ਕਰਨਗੇ।ਉਹਨਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਕ੍ਰਾਂਤੀ ਮਹਿਜ਼ ਡਰਾਮੇਬਾਜ਼ੀ ਹੈ ਜਦਕਿ ਜ਼ਮੀਨੀ ਹਕੀਕਤਾਂ ਬਿਲਕੁਲ ਉਲਟ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ 65000 ਸਰਕਾਰੀ ਨੌਕਰੀਆਂ ਦੇਣ ਅਤੇ ਸਿੱਖਿਆ ਵਿਭਾਗ ਵਿੱਚ 17000 ਕਰੀਬ ਅਧਿਆਪਕ ਭਰਤੀ ਕਰਨ ਦੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਆਖਦੇ ਹੋਏ ਉਕਤ ਮੁੱਦਿਆਂ ਉੱਤੇ ਜਨਤਕ ਬਹਿਸ ਦਾ ਸੱਦਾ ਦਿੱਤਾ। ਇੱਧਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚਲਦਾ ਪੱਕਾ ਮੋਰਚਾ 126 ਵੇ ਦਿਨ ਵੀ ਜਾਰੀ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਝਲੂਰ,ਕੁਲਦੀਪ ਭੋਤਨਾ,ਬਲੌਰ ਖੁੱਡੀ, ਅਵਤਾਰ ਹਰੀਗੜ੍ਹ,ਗੁਰਦੀਪ ਰਾਮਗੜ੍ਹ, ਹਰਸ਼ਰਨ ਭੱਠਲ ਆਦਿ ਹਾਜ਼ਰ ਸਨ।