ਜਲੰਧਰ (25-05-2026) – ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਸੋਮਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਮਿਸ਼ਨ ਏਡਜ਼ ਸੁਰਕਸ਼ਾ ਅਧੀਨ ਓਟ ਕਾਊਂਸਲਰਾਂ ਅਤੇ ਆਈ.ਸੀ.ਟੀ.ਸੀ. ਕਾਊਂਸਲਰਾਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦੇ ਹੋਏ ਸਿਵਲ ਸਰਜਨ ਨੇ 95-95-99 ਦਾ ਟੀਚਾ ਪ੍ਰਾਪਤ ਕਰਨ ਲਈ ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਸਮੀਖਿਆ ਕੀਤੀ ਅਤੇ ਐਚ.ਆਈ.ਵੀ. ਪੌਜੇਟਿਵ ਮਰੀਜਾਂ ਦੀ ਕੰਨਫ੍ਰਮੇਟਰੀ ਜਾਂਚ ਅਤੇ ਏ.ਆਰ.ਟੀ. ਨਾਲ ਜੋੜਨ ਦੇ ਕੰਮ ਚ ਤੇਜੀ ਲਿਆਉਣ ਦੀ ਸਖਤ ਹਦਾਇਤ ਕੀਤੀ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਮੰਤਵ 1 ਦਸੰਬਰ 2026 ਤੱਕ ਐਚ.ਆਈ.ਵੀ. ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਰੋਕਥਾਮ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਉਪਾਅ ਕਰਨਾ ਹੈ। ਇਸ ਮੰਤਵ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ 95:95:99 ਟੀਚਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੇ ਦੱਸਿਆ ਕਿ ਇਸ ਮਿਸ਼ਨ ਤਹਿਤ ਇਹ ਯਕੀਨੀ ਬਣਾਉਣਾ ਹੈ ਕਿ 95% ਪੀੜਤ ਵਿਅਕਤੀ ਆਪਣੀ ਸਥਿਤੀ ਬਾਰੇ ਜਾਣੂ ਹੋਣ, 95% ਦਾ ਇਲਾਜ (ਏ.ਆਰ.ਟੀ.) ਜਾਰੀ ਹੋਵੇ ਅਤੇ 99% ਮਰੀਜ਼ਾਂ ਵਿੱਚ ਵਾਇਰਸ ਦਾ ਪ੍ਰਭਾਵ ਨਾਮਾਤਰ ਰਹਿ ਜਾਵੇ। ਸਿਵਲ ਸਰਜਨ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਇਸ ਤੋਂ ਇਲਾਵਾ, ਮਾਂ ਤੋਂ ਬੱਚੇ ਵਿੱਚ ਐਚ.ਆਈ.ਵੀ., ਸਿਫਿਲਿਸ ਅਤੇ ਹੈਪੇਟਾਈਟਸ-ਬੀ ਦੇ ਪ੍ਰਸਾਰ ਨੂੰ ਰੋਕ ਕੇ ‘ਜ਼ੀਰੋ ਟ੍ਰਾਂਸਮਿਸ਼ਨ’ ਦੇ ਟੀਚੇ ਨੂੰ ਹਾਸਲ ਕਰਨਾ ਵੀ ਇਸ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਵਰਗੇ ਸੂਬੇ ਵਿੱਚ, ਜਿੱਥੇ ਇੰਜੈਕਸ਼ਨ ਰਾਹੀਂ ਨਸ਼ਾ ਲੈਣ ਵਾਲੇ ਮਰੀਜ਼ਾਂ ਨੂੰ ਐਚ.ਆਈ.ਵੀ ਹੋਣ ਦਾ ਖਤਰਾ ਰਹਿੰਦਾ ਹੈ, ਉੱਥੇ ਇਨ੍ਹਾਂ ਟੀਚਿਆਂ ਪ੍ਰਤੀ ਸਜਗ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਡੇਟਾ ਦੀ ਸ਼ੁੱਧਤਾ ਅਤੇ ਮਰੀਜ਼ਾਂ ਦੇ ਇਲਾਜ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ ਦਸੰਬਰ 2026 ਤੱਕ ਇੱਕ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਮੀਟਿੰਗ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਜਿਲ੍ਹਾ ਟੀ.ਬੀ. ਅਫ਼ਸਰ (ਕਾਰਜਕਾਰੀ) ਡਾ. ਪਰਮਵੀਰ ਸਿੰਘ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਕਲੀਨਿਕਲ ਸਰਵਿਸ ਅਫ਼ਸਰ (ਸੀ.ਐਸ.ਓ.) ਦੀਪਕ ਕੁਮਾਰ ਅਤੇ ਹੋਰ ਸਟਾਫ ਮੌਜੂਦ ਸੀ।