ਜਲੰਧਰ (06.07.2026): ਕਮਿਸ਼ਨਰੇਟ ਫੂਡ ਅਤੇ ਡਰੱਗਜ਼ ਐਡਮਿਨਸਟ੍ਰੈਸ਼ਨ ਪੰਜਾਬ ਦੇ ਹੁਕਮਾਂ ਤਹਿਤ ਰਜਿੰਦਰ ਪਾਲ ਸਿੰਘ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਸਹਾਇਕ ਫੂਡ ਕਮਿਸ਼ਨਰ (ਏਸੀਐੱਫ) ਵਜੋਂ ਅਹੁਦਾ ਸੰਭਾਲ ਲਿਆ ਗਿਆ ਹੈ। ਅਹੁਦਾ ਸੰਭਾਲਨ ਉਪਰੰਤ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਅਤੇ ਫੂਡ ਸੇਫਟੀ ਵਿੰਗ ਦੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਰਜਿੰਦਰ ਪਾਲ ਸਿੰਘ ਨੂੰ ਵਧਾਈ ਦਿੰਦੇ ਹੋਏ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਲੋਕ ਹਿੱਤ ਦੇ ਮੱਦੇਨਜਰ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਲਈ ਕਿਹਾ। ਰਜਿੰਦਰ ਪਾਲ ਸਿੰਘ ਵੱਲੋਂ ਏਸੀਐੱਫ (ਫੂਡ ਸੇਫਟੀ) ਦਾ ਅਹੁਦਾ ਸੰਭਾਲਣ ਉਪਰੰਤ ਸਟਾਫ ਨਾਲ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹੇ ਦੇ ਫ਼ੂਡ ਬਿਜ਼ਨਸ ਆਪਰੇਟਰਾਂ (FBOs)ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਵਿਅਕਤੀ ਨੂੰ ਬਿਨਾਂ ਵੈਧ ਲਾਇਸੰਸ ਜਾਂ ਰਜਿਸਟ੍ਰੇਸ਼ਨ ਦੇ ਖਾਦ ਪਦਾਰਥਾਂ ਦਾ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਏਸੀਐੱਫ ਰਜਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਜਲੰਧਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਖਾਦ ਪਦਾਰਥਾਂ ਦੇ ਸੈਂਪਲ ਭਰੇ ਜਾਣਗੇ। ਉਨ੍ਹਾਂ ਮਿਲਾਵਟਖੋਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ “ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਸੁਰੱਖਿਅਤ ਅਤੇ ਸ਼ੁੱਧ ਆਹਾਰ ਹੀ ਤੰਦਰੁਸਤ ਸਿਹਤ ਦਾ ਆਧਾਰ ਹੈ।” ਉਨ੍ਹਾਂ ਸਮੂਹ ਜਲੰਧਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਜਾਗਰੂਕ ਉਪਭੋਗਤਾ ਬਣਨ। ਕੋਈ ਵੀ ਖਾਦ ਪਦਾਰਥ ਖਰੀਦਣ ਤੋਂ ਪਹਿਲਾਂ ਦੁਕਾਨਦਾਰ ਜਾਂ ਵਿਕਰੇਤਾ ਦਾ FSSAI ਰਜਿਸਟ੍ਰੇਸ਼ਨ/ਲਾਇਸੰਸ ਨੰਬਰ ਅਤੇ ਸਮਾਨ ਦੀ ਮਿਆਦ (Expiry Date) ਜ਼ਰੂਰ ਚੈੱਕ ਕਰਨ। ਉਨ੍ਹਾਂ ਸਾਰੇ ਫੂਡ ਬਿਜ਼ਨਸਮੈਨਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਅੱਗੇ ਆ ਕੇ ਆਮ ਜਨਤਾ ਨੂੰ ਸਾਫ਼-ਸੁਥਰਾ, ਮਿਆਰੀ ਅਤੇ ਮਿਲਾਵਟ ਰਹਿਤ ਖਾਣਾ ਉਪਲਬਧ ਕਰਵਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।