

ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ
ਡੀਏਵੀ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਜ਼ਿਲਾ ਜਲੰਧਰ ਤੇ ਹੁਸ਼ਿਆਰਪੁਰ ਦੇ ਸਮੂਹ ਡੀਏਵੀ ਕਾਲਜਾਂ ਦੇ ਪਰਾ ਅਧਿਆਪਕਾਂ ਨੇ ਅੱਜ ਡੀਏਵੀ ਕਾਲਜ ਜਲੰਧਰ ਵਿਖੇ ਮੈਨੇਜਮੈਂਟ ਦੀ ਕੁੰਭ ਕਰਨੀ ਨੀਂਦ ਦੇ ਖਿਲਾਫ ਇਕ ਰੋਸ ਪ੍ਰਦਰਸ਼ਨ ਕੀਤਾ। ਜਿਸ ਦੀ ਅਗਵਾਈ ਡਾ ਆਸ਼ਮੀਨ ਕੌਰ ਏਰੀਆ ਸੈਕਟਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ ਤੇਜਿੰਦਰ ਵਿਰਲੀ ਜਿਲਾ ਪ੍ਰਧਾਨ ਜਲੰਧਰ, ਡਾ ਸੰਜੀਵ ਧਵਨ ਸਟੇਟ ਐਗਜੈਕਟਿਵ ਮੈਂਬਰ ਤੇ ਡਾ ਪੁਨੀਤ ਪੁਰੀ ਨੇ ਕੀਤੀ।
ਡੀਏਵੀ ਕਾਲਜ ਜਲੰਧਰ ਦੇ ਮੇਨ ਗੇਟ ਉੱਪਰ ਇਕੱਤਰ ਹੋ ਇਹਨਾਂ ਕਾਲਜ ਅਧਿਆਪਕਾਂ ਨੇ ਕੇ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਕੈਂਡਲ ਮਾਰਚ ਕੱਢਿਆ। ਏਰੀਆ ਸੈਕਟਰੀ ਡਾ ਆਸ਼ਮੀਨ ਕੌਰ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਇਹ ਸੰਕੇਤਕ ਕੈਂਡਲ ਮਾਰਚ ਡੀਏਵੀ ਮੈਨੇਜਿਗ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਡਾ ਅਨੂਪ ਕੁਮਾਰ ਦੇ ਕਾਲਜ ਦੇ ਬਾਹਰ ਇਸ ਲਈ ਰੱਖਿਆ ਗਿਆ ਹੈ ਕਿ ਅਧਿਆਪਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਟਾਲਮਟੋਲ ਦੀ ਨੀਤੀ ਨਾਲ ਟਾਲਿਆ ਜਾ ਰਿਹਾ ਹੈ। ਜਿਸ ਦੀ ਜ਼ਿੰਮੇਵਾਰੀ ਨੈਸ਼ਨਲ ਕੁਆਡੀਨੇਟਰ ਸਾਹਿਬ ਦੀ ਬਣਦੀ ਹੈ। ਨੈਸ਼ਨਲ ਕੁਆਡੀਨੇਟਰ ਡਾ ਅਨੂਪ ਕੁਮਾਰ ਨੇ ਸਾਨੂੰ ਦੋ ਵਾਰ ਲਾਰਾ ਲਾਇਆ ਹੈ ਕਿ ਅਧਿਆਪਕਾ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਜਲਦੀ ਮੰਨ ਲਿਆ ਜਾਵੇ ਗਾ ਪਰ ਉਹਨਾਂ ਦਾ ਇਹ ਲਾਰਾ ਕੇਵਲ ਡੰਗ ਟਪਾਊ ਹੀ ਸਾਬਤ ਹੋਇਆ। ਡਾ ਵਿਰਲੀ ਨੇ ਇਸ ਮੌਕੇ ਕਿਹਾ ਇੱਕ ਬੰਨੇ ਕਾਲਜਾਂ ‘ਚ ਕੰਮ ਕਰਦੇ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਮੈਨੇਜਮੈਂਟ ਦੀਆਂ ਪੋਸਟਾਂ ਤੇ ਕੰਮ ਕਰਦੇ ਪਰਾ ਅਧਿਆਪਕਾਂ ਨੂੰ ਸੱਤਵੇਂ ਪੇ ਕਮਿਸ਼ਨ ਦਾ ਬਕਾਇਆ ਨਹੀਂ ਮਿਲ ਰਿਹਾ ਇੱਥੋਂ ਤੱਕ ਡੀਪੀਆਈ ਦਫਤਰ ਵੱਲੋਂ ਆਏ ਪੈਸੇ ਵੀ ਨਹੀਂ ਮਿਲ ਰਹੇ ।ਰਿਟਾਇਰਡ ਟੀਚਰਾਂ ਨੂੰ ਪੂਰੇ ਰਿਟਾਇਰਲ ਬੈਨੀਫਿਟ ਨਹੀਂ ਦਿੱਤੇ ਜਾ ਰਹੇ।
25/75 ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਦੇ ਮਸਲੇ ਜਿਉਂ ਦੇ ਤਿਉਂ ਲਾਟਕ ਰਹੇ ਹਨ। ਮੈਨੇਜਮੈਂਟ ਆਪਣੇ ਹਿੱਸੇ ਦਾ 25% ਹਿੱਸਾ ਨਹੀਂ ਪਾ ਰਹੀ। ਆਰਥਿਕ ਮੁੱਦਿਆਂ ਤੋਂ ਬਿਨਾਂ ਹੋਰ ਅਨੇਕਾਂ ਮੁੱਦੇ ਹਨ ਜਿਨਾਂ ਵੱਲ ਧਿਆਨ ਤੱਕ ਨਹੀਂ ਦਿੱਤਾ ਜਾ ਰਿਹਾ।
ਇਸ ਮੌਕੇ ਡਾ ਸੰਜੀਵ ਧਵਨ ਨੇ ਕਿਹਾ ਇਹਨਾਂ ਸਾਰਿਆਂ ਮਸਲਿਆਂ ਨੂੰ ਜਾਣਬੁੱਝ ਕੇ ਅਣਸੁਣਿਆ ਕੀਤਾ ਜਾ ਰਿਹਾ ਹੈ ਕਿਉਂਕਿ ਅਧਿਆਪਕ ਵਿਦਿਆਰਥੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੜਤਾਲ ਤੇ ਨਹੀਂ ਜਾ ਰਹੇ। ਉਹਨਾਂ ਨੇ ਕਿਹਾ ਕਿ ਹੁਣ ਸਾਡੇ ਸਬਰ ਦਾ ਬੰਨ ਟੁੱਟ ਚੁੱਕਾ ਹੈ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਾਲਜਾਂ ਅੰਦਰ ਸੰਕੇਤਕ ਹੜਤਾਲ ਕਰਨ ਜਾ ਰਹੇ ਹਾਂ। ਜੇ ਫਿਰ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਡੀਏਵੀ ਕਾਲਜਾਂ ਨੂੰ ਬੰਦ ਕਰਕੇ ਦਿੱਲੀ ਮੈਨੇਜਿੰਗ ਕਮੇਟੀ ਦੇ ਦਫਤਰ ਦਾ ਘਰਾਓ ਵੀ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਨੈਸ਼ਨਲ ਕੋਆਰਡੀਨੇਟਰ ਡਾ ਅਨੂਪ ਕੁਮਾਰ ਦੀ ਹੋਵੇਗੀ। ਜਿਹੜਾ ਪਿਛਲੇ ਪੰਜ ਮਹੀਨੇ ਤੋਂ ਲਗਾਤਾਰ ਟਾਲ ਮਟੋਲ ਕਰਦਾ ਆ ਰਿਹਾ ਹੈ।
ਅੱਜ ਡੀਏਵੀ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਜਿਲਾ ਜਲੰਧਰ ਦਾ ਰੋਸ ਪ੍ਰਦਰਸ਼ਨ ਮਿਤੀ 19 ਸ਼ਾਮ 6 ਵਜੇ ਡੀ ਏ ਵੀ ਕਾਲਜ ਜਲੰਧਰ ਦੇ ਬਾਹਰ ਰੱਖਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਲਜ ਟੀਚਰਾਂ ਨੇ ਭਾਗ ਲਿਆ। ਇਸ ਸਫ਼ਲ ਰੋਸ ਪ੍ਰਦਰਸ਼ਨ ਵਿਚ ਜ਼ਿਲਾ ਸਕੱਤਰ ਡਾ ਪੁਨੀਤ ਪੁਰੀ ਨੇ ਕਿਹਾ ਕਿ ਜੇ ਅਧਿਆਪਕਾਂ ਦੀਆਂ ਹੱਕੀ ਤੇ ਵਾਜਬ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਾਲਜਾਂ ਦੇ ਬਾਹਰ ਪੱਕੇ ਧਰਨੇ ਲਾਏ ਜਾਣਗੇ ਜਿਸ ਵਿੱਚ ਰਿਟਾਇਰਡ ਟੀਚਰਾਂ ਨੂੰ ਵੀ ਸੱਦਿਆ ਜਾਵੇਗਾ ਕਿਉਂਕਿ ਪਿਛਲੇ ਸਮੇਂ ਵਿੱਚ ਰਿਟਾਇਰ ਹੋਏ ਟੀਚਰਾਂ ਨੂੰ ਵੀ ਉਹਨਾਂ ਦੇ ਬਣਦੇ ਬਕਾਏ ਦੀ ਅਜੇ ਤੱਕ ਅਦਾਇਗੀ ਨਹੀਂ ਹੋਈ।
ਸਾਰੇ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੈਂਡਲ ਮਾਰਚ ਕੇਵਲ ਇੱਕ ਸੰਕੇਤ ਹੈ ਕਿ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਅਧਿਆਪਕ ਆਰ ਪਾਰ ਦੀ ਲੜਾਈ ਲੜਨ ਲਈ ਮਜਬੂਰ ਹੋਣਗੇ।



