SliderUncategorizedपंजाब

ਪੱਤਰ ਸੂਚਨਾ ਦਫ਼ਤਰ, ਜਲੰਧਰ ਨੇ ਅੰਮ੍ਰਿਤਸਰ ਵਿਖੇ ‘ਵਾਰਤਾਲਾਪ’ ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ

ਅੰਮ੍ਰਿਤਸਰ, 20 ਅਗਸਤ

ਪੱਤਰ ਸੂਚਨਾ ਦਫ਼ਤਰ (ਪੀਆਈਬੀ) ਚੰਡੀਗੜ੍ਹ ਦੀ ਜਲੰਧਰ ਸ਼ਾਖ਼ਾ ਵੱਲੋਂ ‘ਵਾਰਤਾਲਾਪ’ ਮੀਡੀਆ ਵਰਕਸ਼ਾਪ ਦਾ ਆਯੋਜਨ ਅੰਮ੍ਰਿਤਸਰ ਵਿਖੇ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਦੇ ਪੱਤਰਕਾਰ ਸ਼ਾਮਲ ਹੋਏ। ਇਸ ਮੀਡੀਆ ਵਰਕਸ਼ਾਪ ਵਿੱਚ “ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਲੋਕ-ਭਲਾਈ ਵਿੱਚ ਭੂਮਿਕਾ” ਵਿਸ਼ੇ ’ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਚਰਚਾ ਕੀਤੀ ਗਈ।

ਵਰਕਸ਼ਾਪ ਦੌਰਾਨ ‘ਅੰਮ੍ਰਿਤਸਰ ਵਿੱਚ ਨੈਸ਼ਨਲ ਹਾਈਵੇਅ ਬੁਨਿਆਦੀ ਢਾਂਚੇ ਦੇ ਵਿਸਤਾਰ ਵਿੱਚ ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ਼ ਇੰਡੀਆ ਦੀ ਭੂਮਿਕਾ’ ਵਿਸ਼ੇ ’ਤੇ ਚਰਚਾ ਕਰਦੇ ਹੋਏ ਸ਼੍ਰੀ ਜਸਪ੍ਰੀਤ, ਮੈਨੇਜਰ ਟੈਕਨਾਲੋਜੀ (ਐੱਨਐੱਚਏਆਈ) ਅੰਮ੍ਰਿਤਸਰ ਨੇ ਦੱਸਿਆ ਕਿ ਐੱਨਐੱਚਏਆਈ ਪੀਆਈਯੂ ਅੰਮ੍ਰਿਤਸਰ ਦੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਕਰੀਬ 595 ਕਿੱਲੋਮੀਟਰ ਦੇ ਕਰੀਬ 5668 ਕਰੋੜ ਦੀ ਲਾਗਤ ਦੇ 12 ਪ੍ਰੋਜੈਕਟ ਚੱਲ ਰਹੇ ਹਨ ਅਤੇ 9 ਪ੍ਰੋਜੈਕਟਸ ਦਾ ਕਾਰਜ ਮੁਕੰਮਲ ਹੋ ਚੁੱਕਾ ਹੈ। ਸ੍ਰੀ ਜਸਪ੍ਰੀਤ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਉੱਤੇ ਸਫ਼ਰ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਹਾਇਤਾ ਲਈ ਨੈਸ਼ਨਲ ਹਾਈਵੇਅ ਹੈਲਪਲਾਈਨ 1033 ਉੱਤੇ 24 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅੰਮ੍ਰਿਤਸਰ ਤੋਂ ਡਾ. ਅਮਰਦੀਪ ਸਿੰਘ, ਜ਼ਿਲ੍ਹਾ ਮਾਸ ਸਿੱਖਿਆ ਤੇ ਸੂਚਨਾ ਅਫ਼ਸਰ ਨੇ “ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.) ਦੀਆਂ ਯੋਜਨਾਵਾਂ ਦੀ ਲੋਕ-ਭਲਾਈ ਵਿੱਚ ਭੂਮਿਕਾ” ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜੇਕਰ ਦੇਸ਼ ਦੇ ਲੋਕ ਤੰਦਰੁਸਤ ਹੋਣਗੇ ਤਾਂ ਦੇਸ਼ ਦੀ ਤਰੱਕੀ ਵਿੱਚ ਉਹ ਆਪਣਾ ਪੂਰਾ ਯੋਗਦਾਨ ਦੇ ਸਕਣਗੇ। ਡਾ. ਅਮਰਦੀਪ ਨੇ ਕਿਹਾ ਕਿ ਇਸ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਤਹਿਤ ਭਾਰਤ ਸਰਕਾਰ ਦੀਆਂ ਕਈ ਯੋਜਨਾਵਾਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ 178 ਹੈਲਥ ਐਂਡ ਵੈੱਲਫੇਅਰ ਕਲੀਨਿਕ ਹਨ, ਜੋ ਪਿੰਡਾਂ ਵਿੱਚ ਸਰਕਾਰ ਦੀਆਂ ਵੱਖ-ਵੱਖ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਤਹਿਤ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ, ਜਨਨੀ ਸੁਰੱਖਿਆ ਯੋਜਨਾ ਅਤੇ ਟੀਕਾਕਰਨ ਸਮੇਤ ਅਨੇਕਾਂ ਪ੍ਰੋਗਰਾਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਸ. ਪਰਮਿੰਦਰ ਸਿੰਘ ਸੈਣੀ (ਸਟੇਟ ਐਵਾਰਡੀ), ਜ਼ਿਲ੍ਹਾ ਗਾਈਡੈਂਸ ਕਾਊਂਸਲਰ (ਸੇਵਾਮੁਕਤ) ਨੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਵਿਸ਼ੇ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਕੌਮ ਦਾ ਅਸਲ ਸਰਮਾਇਆ ਉਸ ਦੇ ਨੌਜਵਾਨ ਹਨ, ਇਸ ਲਈ ਖ਼ਾਸ ਕਰ ਨੌਜਵਾਨ ਵਰਗ ਦਾ ਨਸ਼ਿਆ ਤੋਂ ਮੁਕਤ ਹੋਣਾ ਬਹੁਤ ਲਾਜ਼ਮੀ ਹੈ। ਸ਼੍ਰੀ ਸੈਣੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ‘ਵਿਕਸਤ ਭਾਰਤ’ ਦਾ ਵਿਜ਼ਨ ਇਸੇ ਨੌਜਵਾਨ ਸ਼ਕਤੀ ਦੀ ਅਸੀਮ ਸਮਰੱਥਾ ‘ਤੇ ਟਿਕਿਆ ਹੋਇਆ ਹੈ। ਜੇਕਰ ਅਸੀਂ ਨਸ਼ਿਆਂ ਵਿਰੁੱਧ ਛੇੜੀ ਗਈ ਜੰਗ ਨੂੰ ਇੱਕ ਵਿਆਪਕ ਲੋਕ-ਅੰਦੋਲਨ ਬਣਾ ਕੇ ਹਰ ਘਰ-ਘਰ ਤੱਕ ਪਹੁੰਚਾਈਏ, ਤਾਂ ਅਸੀਂ ਸਾਲ 2047 ਦੀ ਮਿਥੀ ਸਮਾਂ-ਸੀਮਾ ਤੋਂ ਬਹੁਤ ਪਹਿਲਾਂ ਹੀ ਭਾਰਤ ਨੂੰ ਇੱਕ ਸਵੈ-ਨਿਰਭਰ, ਖ਼ੁਸ਼ਹਾਲ ਅਤੇ ਵਿਕਸਤ ਮਹਾਂਸ਼ਕਤੀ ਵਜੋਂ ਸਥਾਪਿਤ ਕਰ ਸਕਦੇ ਹਾਂ।

‘ਭਾਰਤ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ’ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮਿਸ. ਅਪਰਨਾ ਸ਼ਰਮਾ, ਚੀਫ਼ ਜ਼ਿਲ੍ਹਾ ਲੀਡ ਮੈਨੇਜਰ, ਅੰਮ੍ਰਿਤਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਮ ਨਾਗਰਿਕਾਂ ਦੀ ਵਿੱਤੀ ਸੁਰੱਖਿਆ ਲਈ ਚਲਾਈਆਂ ਜਾ ਰਹੀਆਂ ਪ੍ਰਮੁੱਖ ਬੀਮਾ ਤੇ ਪੈਨਸ਼ਨ ਯੋਜਨਾਵਾਂ ਦੇ ਨਿਯਮ ਜਾਰੀ ਕੀਤੇ ਗਏ ਹਨ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 18-70 ਸਾਲ ਦੀ ਉਮਰ ਦੇ ਲੋਕ ₹20 ਸਾਲਾਨਾ ‘ਤੇ ₹2 ਲੱਖ ਦਾ ਦੁਰਘਟਨਾ ਬੀਮਾ ਲੈ ਸਕਦੇ ਹਨ। ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਵਿੱਚ 18-50 ਸਾਲ ਦੀ ਉਮਰ ਲਈ ₹436 ਸਾਲਾਨਾ ‘ਤੇ ₹2 ਲੱਖ ਦਾ ਜੀਵਨ ਬੀਮਾ ਮਿਲਦਾ ਹੈ। ਅਟਲ ਪੈਨਸ਼ਨ ਯੋਜਨਾ ਅਧੀਨ 18-40 ਸਾਲ ਦੇ ਨਾਗਰਿਕ 60 ਸਾਲ ਬਾਅਦ ₹1,000 ਤੋਂ ₹5,000 ਮਾਸਿਕ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ, ਜਿਸ ਦੀ ਕਿਸ਼ਤ ਉਮਰ ਅਨੁਸਾਰ ਤੈਅ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਯੋਜਨਾਵਾਂ ਦਾ ਲਾਭ ਨੇੜਲੇ ਬੈਂਕ ਜਾਂ ਡਾਕਘਰ ਤੋਂ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਿਸ. ਅਪਰਨਾ ਵੱਲੋਂ ਸਾਈਬਰ ਸੁਰੱਖਿਆ ਸਬੰਧੀ ਵੀ ਜਾਣਕਾਰੀ ਦਿੱਤੀ ਗਈ।

ਸ਼੍ਰੀ ਇੰਦਰਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ ਨੇ ਪੀਆਈਬੀ ਦੇ ਵਾਰਤਾਲਾਪ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਰਕਾਰ ਅਤੇ ਮੀਡੀਆ ਦਰਮਿਆਨ ਵਧੇਰੇ ਚੰਗਾ ਤਾਲਮੇਲ ਸਥਾਪਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਰਕਾਰ ਦੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਵਧੇਰੇ ਸਾਰਥਕ ਹੁੰਦੇ ਹਨ।

ਇਸ ਮੌਕੇ ਪੀਆਈਬੀ ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਨੇ ਵਰਕਸ਼ਾਪ ਵਿੱਚ ਪਹੁੰਚੇ ਸਭ ਮਹਿਮਾਨਾਂ ਦਾ ਸਵਾਗਤ ਕੀਤਾ। ਡਾ ਵਿਕਰਮ ਨੇ ਕਿਹਾ ਕਿ ‘ਵਾਰਤਾਲਾਪ’ ਸਰਕਾਰੀ ਯੋਜਨਾਵਾਂ ਅਤੇ ਪਹਿਲਕਦਮੀਆਂ ਨਾਲ ਸਬੰਧਿਤ ਸੂਚਨਾ ਦੇ ਪ੍ਰਭਾਵਸ਼ਾਲੀ ਪ੍ਰਸਾਰ, ਬਿਹਤਰ ਤਾਲਮੇਲ ਅਤੇ ਸੰਵਾਦ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। ਡਾ. ਵਿਕਰਮ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਆਉਣ ਵਾਲੇ ਵੱਖ-ਵੱਖ ਸੰਗਠਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੱਤਰ ਸੂਚਨਾ ਦਫ਼ਤਰ ਦੇ ਤਹਿਤ ਰਿਸਰਚ ਯੂਨਿਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਆਈਬੀ ਦੀ ਵੈੱਬਸਾਈਟ ’ਤੇ ਪ੍ਰਕਾਸ਼ਿਤ ਹੋਣ ਵਾਲੀ ਸਮਗਰੀ ਤੋਂ ਵੱਖ-ਵੱਖ ਜਨਤਕ ਭਲਾਈ ਦੀਆਂ ਯੋਜਨਾਵਾਂ ਦੀ ਜਾਣਕਾਰੀ ਅਤੇ ਸਟੀਕ ਅੰਕੜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਇਸ ਮੌਕੇ ਡਾ. ਸੁਖਦੀਪ ਸਿੰਘ, ਸੂਚਨਾ ਸਹਾਇਕ ਨੇ ਵਰਕਸ਼ਾਪ ਵਿੱਚ ਪਹੁੰਚੇ ਪੱਤਰਕਾਰਾਂ, ਬੁਲਾਰਿਆਂ ਅਤੇ ਵਰਕਸ਼ਾਪ ਦਾ ਪ੍ਰਬੰਧ ਕਰਨ ਵਾਲੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਸਬੰਧੀ ਚਰਚਾ ਵਿੱਚ ਸਰਗਰਮ ਸ਼ਮੂਲੀਅਤ ਨੇ ਇਸ ਵਰਕਸ਼ਾਪ ਨੂੰ ਹੋਰ ਵੀ ਸਾਰਥਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਵਿਚਾਰ-ਵਟਾਂਦਰਾ ਮੀਡੀਆ ਰਾਹੀਂ ਆਮ ਲੋਕਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ।
***
ਵੀਐੱਸ/ਸਸ
ਪੀਆਈਬੀ, ਜਲੰਧਰ

Related Articles

Back to top button