Sliderपंजाब

ਪੰਜਾਬ ਸਰਕਾਰ ਵਲੋਂ ਜਲੰਧਰ ’ਚ ਆਲੂ ਉਤਪਾਦਕਾਂ ਲਈ ਖੇਤਰ ਦੀ ਪਹਿਲੀ ਸਰਕਾਰੀ ਵਾਇਰਸ ਇੰਡੈਕਸਿੰਗ ਲੈਬ ਦੀ ਸ਼ੁਰੂਆਤ

ਜਲੰਧਰ, 31 ਅਗਸਤ : ਸੂਬੇ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵੱਲ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਅੱਜ ਸੈਂਟਰ ਆਫ਼ ਐਕਸੀਲੈਂਸ ਫਾਰ ਪੋਟੈਟੋ, ਧੋਗੜੀ ਵਿਖੇ ਦੋਆਬਾ ਖੇਤਰ ਦੀ ਪਹਿਲੀ ਸਰਕਾਰੀ ਵਾਇਰਸ ਇੰਡੈਕਸਿੰਗ ਲੈਬੋਰੇਟਰੀ ਦਾ ਉਦਘਾਟਨ ਕੀਤਾ ਗਿਆ।
ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਅਤਿ ਆਧੁਨਿਕ ਲੈਬੋਰੇਟਰੀ ਸੂਬੇ ਵਿੱਚ ਬਾਗਬਾਨੀ ਖੇਤਰ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ। ਉਦਘਾਟਨੀ ਸਮਾਗਮ ਦੌਰਾਨ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਅਤੇ ਡਾਇਰੈਕਟਰ ਬਾਗਬਾਨੀ ਮਨੀਸ਼ ਕੁਮਾਰ, ਜੁਆਇੰਟ ਡਾਇਰੈਕਟਰ ਗੁਰਸ਼ਰਨ ਸਿੰਘ ਤੇ ਹਰਮੇਲ ਸਿੰਘ, ਡਿਪਟੀ ਡਾਇਰੈਕਟਰ ਡਾ. ਨਰਿੰਦਰ ਪਾਲ ਕਲਸੀ, ਕੰਟਰੋਲਿੰਗ ਅਫ਼ਸਰ ਸੈਂਟਰ ਆਫ਼ ਐਕਸੀਲੈਂਸ ਡਾ. ਰੁਪਿੰਦਰ ਸਿੰਘ ਗਿੱਲ, ਪ੍ਰਾਜੈਕਟ ਅਫ਼ਸਰ ਡਾ. ਦਮਨਦੀਪ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਭਗਤ ਨੇ ਇਸ ਪ੍ਰਾਜੈਕਟ ਨੂੰ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਜ਼ਾਰਾਂ ਆਲੂ ਉਤਪਾਦਕਾਂ ਦੀ ਮਦਦ ਲਈ ਇਕ ਕ੍ਰਾਂਤੀਕਾਰੀ ਪਹਿਲ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਅਤਿ-ਆਧੁਨਿਕ ਲੈਬੋਰੇਟਰੀ ਐਡਵਾਂਸ ਡਾਇਗਨੌਸਟਿਕ ਤਕਨੀਕ ਨਾਲ ਲੈਸ ਹੈ, ਜੋ ਬੀਜ ਤੋਂ ਫੈਲਣ ਵਾਲੇ ਵਾਇਰਸ ਦਾ ਸ਼ੁਰੂਆਤੀ ਪੜਾਅ ’ਚ ਹੀ ਪਤਾ ਲਗਾਉਣ ਦੇ ਸਮਰੱਥ ਹੈ। ਇਹ ਲੈਬ ਯਕੀਨੀ ਬਣਾਏਗੀ ਕਿ ਕਿਸਾਨ ਪ੍ਰਭਾਵਿਤ ਬੀਜ ਨਾ ਬੀਜਣ, ਜਿਸ ਨਾਲ ਫਸਲ ਉਗਾਉਣ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇਗਾ, ਬਿਮਾਰੀ ਰਹਿਤ ਆਲੂ ਬੀਜਾਂ ਦੀ ਉਪਲਬਧਤਾ ਵਧਾ ਕੇ ਮਜ਼ਦੂਰੀ ਅਤੇ ਮਹੱਤਵਪੂਰਣ ਵਿੱਤੀ ਸਾਧਨਾਂ ਦੀ ਬੱਚਤ ਵੀ ਹੋਵੇਗੀ।
ਸ਼੍ਰੀ ਭਗਤ ਨੇ ਕਿਹਾ ਕਿ ਸੂਬੇ ਵਿੱਚ ਆਪਣੀ ਤਰ੍ਹਾਂ ਦੀ ਅਜਿਹੀ ਦੂਜੀ ਸੁਵਿਧਾ ਹੋਣ ਕਰਕੇ ਇਹ ਲੈਬੋਰੇਰਟੀ ਨਾ ਸਿਰਫ਼ ਜਲੰਧਰ ਸਗੋਂ ਪੂਰੇ ਪੰਜਾਬ ਦੇ ਆਲੂ ਉਤਪਾਦਕਾਂ ਲਈ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਲੈਬ ਸਰਟੀਫਾਈਡ, ਉੱਚ ਗੁਣਵੱਤਾ ਅਤੇ ਬਿਮਾਰੀ ਰਹਿਤ ਆਲੂ ਬੀਜ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ, ਜਿਸ ਨਾਲ ਫ਼ਸਲ ਦੀ ਕੁੱਲ਼ ਪੈਦਾਵਾਰ ਵਧਣ ਨਾਲ ਕਿਸਾਨਾਂ ਦਾ ਮੁਨਾਫਾ ਵੀ ਵਧੇਗਾ। ਉਨ੍ਹਾਂ ਕਿਹਾ ਕਿ ਕਿਸਾਨ ਸੂਬੇ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਪੇਂਡੂ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਦ੍ਰਿੜਤਾ ਨਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਨੇ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਖੇਤੀਬਾੜੀ ਦੇ ਚੰਗੇ ਹਾਲਾਤ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਮਜ਼ਬੂਤ ਕਰਨ ਤੋਂ ਬਿਨਾਂ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਨਵੀਂ ਵਾਇਰਸ ਇੰਡੈਕਸਿੰਗ ਲੈਬੋਰੇਟਰੀ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਅ ਕੇ ਖੇਤਬਾੜੀ ਆਮਦਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਵੇਗੀ। ਉਦਘਾਟਨੀ ਸਮਾਗਮ ਦੌਰਾਨ ਨੇੜਲੇ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਤਰਨ ਤਾਰਨ ਅਤੇ ਅੰਮ੍ਰਿਤਸਰ ਸ਼ਾਮਿਲ ਹਨ, ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ 200 ਤੋਂ ਵੱਧ ਆਲੂ ਉਤਪਾਦਕਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਜਲੰਧਰ ਵਿਖੇ ਇਹ ਵਾਇਰਸ ਇੰਡੈਕਸਿੰਗ ਲੈਬੋਰੇਟਰੀ ਖੋਲ੍ਹਣ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਉਹ ਸਥਾਨਕ ਪੱਧਰ ’ਤੇ ਹੀ ਬੀਜ ਜਾਂਚ ਕਰਵਾ ਸਕਣਗੇ ਅਤੇ ਉਨ੍ਹਾਂ ਨੂੰ ਬੀਜਾਂ ਦੀ ਜਾਂਚ ਲਈ ਦੂਰ-ਦੁਰਾਡੇ ਨਹੀਂ ਜਾਣਾ ਪਵੇਗਾ। ਜ਼ਿਕਰਯੋਗ ਹੈ ਕਿ ਜਲੰਧਰ ਆਲੂ ਉਤਪਾਦਨ ਦਾ ਮੁੱਖ ਕੇਂਦਰ ਹੈ ਅਤੇ ਇਹ ਲੈਬ ਕਿਸਾਨਾਂ ਨੂੰ ਤੁਰੰਤ ਸਹੂਲਤ ਮੁਹੱਈਆ ਕਰਵਾਏਗੀ। ਕੈਬਨਿਟ ਮੰਤਰੀ ਵਲੋਂ ਸੈਂਟਰ ਵਿਖੇ ਬੂਟਾ ਵੀ ਲਗਾਇਆ ਗਿਆ।

Related Articles

Back to top button