

ਚੰਡੀਗੜ੍ਹ, 29 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਤੇ ਸਰਕਟ ਹਾਉਸ ਵਿਚ ਦਸਤਕ ਦਿੱਤੀ ਅਤੇ ਇੱਥੇ ਅਧਿਕਾਰਤ ਅਲਾਟੀਆਂ ਦੀ ਥਾਂ ਤੇ ਇੰਨ੍ਹਾਂ ਕੋਠੀਆਂ ਤੇ ਸਰਕਟ ਹਾਉਸ ਤੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਦੀ ਸਹਿ ਤੇ ਕਬਜਾ ਕਰਕੇ ਬੈਠੇ ਦਿੱਲੀ ਦੇ ਆਪ ਆਗੂਆਂ ਦਾ ਮੀਡੀਆ ਦੀ ਹਾਜਰੀ ਵਿਚ ਪਰਦਾਫਾਸ਼ ਕੀਤਾ।
ਸੁਨੀਲ ਜਾਖੜ ਨੇ ਕਿਹਾ ਕਿ ਉਹ ਸੋ਼ਸ਼ਲ ਮੀਡੀਆ ਤੇ ਚੱਲ ਰਹੀ ਚਰਚਾ ਤੇ ਸਿਰਫ ਸੁਣੀ ਸੁਣਾਈ ਗੱਲ ਤੇ ਯਕੀਨ ਕਰਨ ਦੀ ਬਜਾਏ ਆਪ ਵੇਖਣ ਆਏ ਸਨ ਕਿ ਮੰਤਰੀਆਂ ਦੀਆਂ ਕੋਠੀਆਂ ਵਿਚ ਕੋਣ ਰਹਿ ਰਿਹਾ ਹੈ। ੳਨ੍ਹਾਂ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਚੁੱਕੀ ਸੰਵਿਧਾਨਕ ਸਹੁੰ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਮੰਤਰੀ ਨੇ ਸਰਕਾਰੀ ਭੇਦ ਗੁਪਤਾ ਰੱਖਣੇ ਹੁੰਦੇ ਹਨ ਤਾਂ ਫਿਰ ਉਨ੍ਹਾਂ ਦੇ ਵਿਭਾਗ ਦੀਆਂ ਫਾਇਲਾਂ ਜ਼ਿਨ੍ਹਾਂ ਵਿਚ 10 ਹਜਾਰ ਕਰੋੜ ਦੇ ਗਮਾਡਾ ਦੇ ਘਪਲੇ ਦੇ ਰਾਜ ਛਿਪੇ ਹਨ, ਉਹ ਫਾਇਲ 926 ਨੰਬਰ ਕੋਠੀ ਵਿਚ ਕਿਉਂ ਪਹੁੰਚਦੀਆਂ ਸੀ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਇਹ ਦਿੱਲੀ ਦੇ ਕੰਟਰੋਲ ਨੀਤੀ ਤਹਿਤ ਸਤਿੰਦਰ ਜੈਨ ਕੋਲ ਇਸ ਕੋਠੀ ਵਿਚ ਪਹੁੰਚਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਹੀ ਇੱਥੇ ਈਡੀ ਆਈ ਸੀ ਅਤੇ ਜਾਂਚ ਸਾਰੇ ਸੱਚ ਉਜਾਗਰ ਕਰ ਦੇਵੇਗੀ। ਉਨ੍ਹਾਂ ਨੇ ਮੰਤਰੀਆਂ ਮੁੰਡੀਆਂ ਦਾ ਅਸਤੀਫਾ ਵੀ ਮੰਗਿਆ।
ਸੁਨੀਲ ਜਾਖੜ ਨੇ ਕਿਹਾ ਕਿ ਕਟੱੜ ਇਮਾਨਦੀ ਦਾ ਚੋਲ੍ਹਾ ਪਾ ਕੇ ਜਿਹੜੇ ਅਰਵਿੰਦ ਕੇਜਰੀਵਾਲ ਇਹ ਆਖਦੇ ਸਨ ਕਿ ਮੁੱਖ ਮੰਤਰੀ ਵਜੋਂ ਉਹ ਕੋਠੀ ਨਹੀਂ ਲੈਣਗੇ, ਉਨ੍ਹਾਂ ਦੀ ਪਾਰਟੀ ਦੇ ਰਾਜ ਵਿਚ ਮੁੱਖ ਮੰਤਰੀ ਤਾਂ ਕੀ ਆਪ ਪਾਰਟੀ ਦੇ ਗੁਰਗਿਆਂ ਤੱਕ ਨੇ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਤੇ ਨਜਾਇਜ ਕਬਜਾ ਕੀਤਾ ਹੋਇਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਸੈਕਟਰ 39 ਸਥਿਤ ਸਰਕਟ ਹਾਉਸ ਵਿਚ ਆਪਣੀ ਅੱਜ ਲਈ ਬੁਕਿੰਗ ਕਰਵਾਈ ਸੀ ਪਰ ਪੰਜਾਬ ਪੁਲਿਸ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦੇ ਰਹੀ । ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾਣਾ ਹੀ ਇਕ ਪ੍ਰਮਾਣ ਹੈ ਕਿ ਕੋਠੀਆਂ ਤੇ ਨਜਾਇਜ਼ ਕਬਜੇ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਦੇ ਕਾਗਜੀ ਮੰਤਰੀਆਂ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਉਹ ਸ਼ਰਮਾ ਕਾਰਨ ਹੁਣ ਆਪਣੇ ਨਾਮ ਤੱਕ ਛੁਪਾਉਣ ਲੱਗੇ ਹਨ ਅਤੇ ਕੋਠੀਆਂ ਤੋਂ ਉਨ੍ਹਾਂ ਦੇ ਨਾਂਅ ਦੀ ਪਲੇਟ ਤੱਕ ਉਤਾਰ ਦਿੱਤੀ ਗਈ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਇਕ ਪਾਸੇ ਉਨ੍ਹਾਂ ਵਰਗੇ ਪੰਜਾਬ ਦੇ ਵਸਨੀਕ ਨੂੰ ਬੁਕਿੰਗ ਹੋਣ ਦੇ ਬਾਵਜੂਦ ਸਰਕਟ ਹਾਉਸ ਨਹੀਂ ਜਾਣ ਦਿੱਤਾ ਦੂਜੇ ਪਾਸੇ ਆਪ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਕਾਨੂੰਨੀ ਅਧਿਕਾਰ ਦੇ ਸਰਕਾਰੀ ਜਾਇਦਾਦਾਂ ਤੇ ਨਜਾਇਜ਼ ਕਬਜੇ ਕਰਕੇ ਪੰਜਾਬ ਦੇ ਕਾਨੂੰਨੀ ਤੌਰ ਤੇ ਮੰਤਰੀਆਂ ਨੂੰ ਬੇਘਰ ਕੀਤਾ ਹੋਇਆ ਹੈ। ਸਰਕਟ ਹਾਉਸ ਦੇ ਕਮਰੇ ਵੀ ਆਪ ਦੇ ਲੋਕਾਂ ਦੇ ਸਥਾਈ ਕਬਜੇ ਵਿਚ ਹਨ ਅਤੇ ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਅਧਿਕਾਰੀਆਂ, ਆਗੂਆਂ ਤੇ ਪੱਤਰਕਾਰਾਂ ਨੂੰ ਇਹ ਕਮਰੇ ਨਹੀਂ ਦਿੱਤੇ ਜਾ ਰਹੇ ਹਨ।
ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬ ਪ੍ਰਤੀ ਆਪਣੇ ਫਰਜ ਸਮਝ ਕੇ ਇੰਨ੍ਹਾਂ ਕੋਠੀਆਂ ਤੇ ਆਪਣੀ ਸਰਕਾਰ ਤੋਂ ਦਿੱਲੀ ਦੇ ਅਣਪਛਾਤੇ ਲੋਕਾਂ ਨੂੰ ਬਾਹਰ ਕਰਨ ਨਹੀਂ ਤਾਂ ਪੰਜਾਬ ਦੇ ਲੋਕ ਹਿਸਾਬ ਕਰਣਗੇ। ਉਨ੍ਹਾਂ ਨੇ ਦਿੱਲੀ ਤੇ ਟੋਲੇ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਭਲੀਮਾਣਸੀ ਨਾਲ ਪੰਜਾਬ ਦੇ ਲੋਕਾਂ ਦੇ ਟੈਕਸ ਨਾਲ ਬਣੀਆਂ ਇਮਾਰਤਾਂ ਖਾਲੀ ਕਰ ਜਾਣ ਨਹੀਂ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਰਕਾਰ ਬਦਲੀ ਤੇ ਸਭ ਦੇ ਸਾਥ, ਸਭ ਦੇ ਵਿਕਾਸ ਨਾਲ ਨਾਲ ਅਜਿਹੇ ਸਭ ਦਾ ਹਿਸਾਬ ਵੀ ਹੋਵੇਗਾ।
ਇਸ ਮੌਕੇ ਪੱਤਰਕਾਰਾਂ ਵੱਲੋਂ ਲਵਲੀ ਤੇ ਚਿਤਕਾਰਾ ਯੁਨੀਵਰਸਿਟੀ ਵਿਚ ਅਫਵਾਹਾਂ ਤੋਂ ਬਾਹਤ ਖਰਾਬ ਹੋਏ ਮਹੌਲ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਇਸ ਲਈ ਸਰਕਾਰ ਨੂੰ ਕਦੇ ਮਾਫ ਨਹੀਂ ਕਰਣਗੇ ਕਿ ਕਿਸ ਤਰਾਂ ਲਵਲੀ ਯੁਨੀਵਰਸਿਟੀ ਵਿਚ ਪ੍ਰਦਰਸ਼ਨ ਦੀ ਆੜ ਵਿਚ ਗੁੰਡੇ ਕੁੜੀਆਂ ਦੇ ਹਾਸਟਲ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਲਈ ਆਪਣੀਆਂ ਧੀਆਂ ਦੀ ਸੁਰੱਖਿਆ ਸਰਵਉੱਚ ਹੈ ਅਤੇ ਇਸ ਨਾਕਾਮੀ ਲਈ ਸਰਕਾਰ ਆਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ। ਉਨ੍ਹਾਂ ਨੇ ਅਚਾਨਕ ਦੋ ਯੁਨੀਵਰਸਿਟੀਆਂ ਵਿਚ ਅਫਵਾਹ ਦੇ ਅਧਾਰ ਤੇ ਇਸ ਤਰਾਂ ਦੀਆਂ ਘਟਨਾਵਾਂ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਇਸ ਦੀ ਐਨਆਈਏ ਤੋਂ ਜਾਂਚ ਹੋਣੀ ਚਾਹੀਦੀ ਹੈ।



