

ਜਲੰਧਰ (29-09-2026): ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ.ਰਾਜੇਸ਼ ਗਰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਟੀਕਾਕਰਨ ਅਫਸਰ ਡਾ.ਸਿਮਰਨਜੀਤ ਕੌਰ ਦੀ ਅਗਵਾਈ ਵਿਚ ਮੰਗਲਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ,ਸਿਵਲ ਹਸਪਤਾਲ ਜਲੰਧਰ ਵਿਖੇ “ਵਿਸ਼ਵ ਦਿਲ ਦਿਵਸ” ਮਨਾਇਆ ਗਿਆ। ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ. ਸਿਮਰਨਜੀਤ ਕੌਰ ਵੱਲੋਂ
ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 29 ਸਤੰਬਰ ਨੂੰ “ਵਿਸ਼ਵ ਦਿਲ ਦਿਵਸ” ਮਨਾਇਆ ਜਾਂਦਾ ਹੈ। ਇਸ ਸਾਲ, 2026 ਵਿਸ਼ਵ ਦਿਲ ਦਿਵਸ ਦਾ ਵਿਸ਼ਾ ਹੈ “ਇੱਕ ਵੀ ਬੀਟ (ਧੜਕਣ) ਨੂੰ ਮਿਸ ਨਾ ਕਰੋ (Don’t Miss a Beat)”। ਇਹ ਥੀਮ ਦਿਲ ਦੀ ਸਿਹਤ ਵਿੱਚ ਨਿਰੰਤਰ ਚੌਕਸੀ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ, ਵਿਅਕਤੀਆਂ ਨੂੰ ਚਿਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰਕੇ, ਸਿਹਤਮੰਦ ਆਦਤਾਂ ਬਣਾਈ ਰੱਖ ਕੇ, ਨਿਯਮਤ ਜਾਂਚ-ਪੜਤਾਲ ਦਾ ਸਮਾਂ ਨਿਰਧਾਰਤ ਕਰਕੇ ਅਤੇ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਾਪਤ ਕਰਕੇ ਸਰਗਰਮ ਰਹਿਣ ਲਈ ਉਤਸ਼ਾਹਿਤ ਕਰਦਾ ਹੈ।
ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ਦਿਲ ਦੀ ਸਿਹਤ ਨਾਲ ਕੋਈ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਗੈਰ ਸਿਹਤਮੰਦ ਜੀਵਨ ਸ਼ੈਲੀ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਹੈ।
ਡਾ. ਸ਼ਿਪਲਮ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਵਿੱਚ ਕਸਰਤ, ਸਹੀ ਖੁਰਾਕ, ਨਿਯਮਿਤ ਜਾਂਚ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਲਾਜ਼ਮੀ ਹੈ। ਸਿਹਤ ਹੈ ਤਾਂ ਹੀ ਜੀਵਨ ਹੈ, ਦਿਲ ਹੈ ਤਾਂ ਹੀ ਧੜਕਣ ਹੈ – ਆਪਣੀ ਧੜਕਣਾਂ ਦੀ ਸੰਭਾਲ ਕਰੋ। ਉਨ੍ਹਾਂ ਕਿਹਾ ਕਿ ਦਿਲ ਦੀ ਬਿਮਾਰੀ ਕਿਸੇ ਉਮਰ ਦੀ ਸੀਮਾ ਨਹੀਂ ਜਾਣਦੀ, ਇਸ ਲਈ ਨੌਜਵਾਨ ਤੋਂ ਬਜ਼ੁਰਗ ਤੱਕ ਹਰ ਕਿਸੇ ਨੂੰ ਆਪਣੀ ਜੀਵਨਸ਼ੈਲੀ ’ਚ ਸਕਾਰਾਤਮਕ ਬਦਲਾਅ ਲਿਆਉਣ ਦੀ ਲੋੜ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਦਿਲ ਦੀ ਸਿਹਤ ਨੂੰ ਵਧੇਰੇ ਮਹੱਤਵ ਦਿੱਤਾ ਜਾਵੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਹੋ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਈ ਜਾਵੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕਾਂ ਦੀ ਤੇਜੀ ਨਾਲ ਬਦਲਦੀ ਜੀਵਨਸ਼ੈਲੀ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਰੋਜਾਨਾ ਜੀਵਨ ਵਿੱਚ ਹਾਵੀ ਹੋ ਰਿਹਾ ਤਣਾਅ ਦਿਲ ਦੇ ਰੋਗ ਹੋਣ ਦਾ ਵੱਡਾ ਕਾਰਨ ਬਣ ਰਿਹਾ ਹੈ। ਇਸ ਲਈ ਸਾਨੂੰ 30 ਮਿੰਟ ਰੋਜਾਨਾ ਕਸਰਤ ਅਤੇ ਸੈਰ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਜੰਕ ਫੂਡ ਤੋਂ ਪਰਹੇਜ਼ ਕਰਦੇ ਹੋਏ ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਤੰਬਾਕੂ, ਸਿਗਰਟਨੋਸ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਹ ਲੈਣ ਵਿੱਚ ਤਕਲੀਫ ਹੋਣਾ, ਘਬਰਾਹਟ ਹੋਣਾ ਅਤੇ ਪਸੀਨਾ ਆਉਣਾ, ਬਾਂਹ ਜਾਂ ਮੋਢੇ ਵਿੱਚ ਦਰਦ ਅਤੇ ਛਾਤੀ ਵਿੱਚ ਦਰਦ ਹੋਣਾ ਆਦਿ ਦਿਲ ਦੀਆਂ ਬਿਮਾਰੀਆਂ ਦੇ ਲੱਛਣ ਹਨ। ਇਹ ਲੱਛਣ ਦਿਸਣ ‘ਤੇ ਨਜਦੀਕੀ ਸਿਹਤ ਸੰਸਥਾ ਵਿਖੇ ਜਾ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਨਰਸਿੰਘ ਟੀਚਰ ਮੈਡਮ ਸੰਯੋਗਤਾ ਵੱਲੋਂ ਅਖੀਰ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸਹਾਇਕ ਸਿਹਤ ਅਫਸਰ ਡਾ. ਮੀਰਾ, ਜਿਲਾ ਬੀ ਸੀ ਜੀ ਅਫਸਰ ਡਾ. ਕਿਰਨ,ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਰਵਿੰਦਰ ਕੁਮਾਰ ਜੱਸਲ, ਟੀਚਰ ਜਸਵੀਰ ਕੌਰ,ਰਮਨਦੀਪ ਕੌਰ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਮੌਜੂਦ ਸਨ।



