Sliderपंजाब

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪੰਜਾਬ ਭਰ ਚ ਐੱਮ ਐੱਲ ਏ ਜਸਵੀਰ ਰਾਜਾ ਅਤੇ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਪੁਤਲੇ ਸਾੜ ਕੇ ਕੀਤੀ ਨਾਅਰੇਬਾਜ਼ੀ

 

ਜਲੰਧਰ,22 ਮਈ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੇਂਡੂ ਮਜ਼ਦੂਰਾਂ ਨੇ ਹਲਕਾ ਵਿਧਾਇਕ ਟਾਂਡਾ ਅਤੇ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਇਸ਼ਾਰੇ ‘ਤੇ ਹਲਕਾ ਵਿਧਾਇਕ ਨੂੰ ਸਵਾਲ ਪੁੱਛਣ ਤੋਂ ਬੁਖਲਾਹਟ ਵਿੱਚ ਆ ਕੇ ਦਲਿਤ ਮਜ਼ਦੂਰਾਂ ਦੀ ਆਵਾਜ਼ ਦਬਾਉਣ ਲਈ ਪੇਂਡੂ ਮਜ਼ਦੂਰ ਆਗੂ ਨਾਵਲ ਗਿੱਲ ਟਾਹਲੀ ਤੇ ਹੋਰਨਾਂ ਦਲਿਤ ਮਜ਼ਦੂਰਾਂ ਨੂੰ ਮਨਘੜ੍ਹਤ ਕੇਸ ਵਿੱਚ 21 ਮਈ ਨੂੰ ਜੇਲ੍ਹ ਭੇਜਣ ਦੇ ਵਿਰੋਧ ਵਿੱਚ ਅੱਜ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਜ਼ਿਲ੍ਹਿਆਂ ਸਮੇਤ ਪੰਜਾਬ ਭਰ ਵਿੱਚ ਪਿੰਡਾਂ ਅੰਦਰ ਆਮ ਆਦਮੀ ਪਾਰਟੀ ਦੇ ਹਲ਼ਕਾ ਵਿਧਾਇਕ ਜਸਵੀਰ ਰਾਜਾ ਅਤੇ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਪੁਤਲੇ ਸਾੜ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੁਤਲਾ ਫ਼ੂਕ ਪ੍ਰਦਰਸ਼ਨ 23 ਮਈ ਨੂੰ ਵੀ ਜਾਰੀ ਰਹਿਣਗੇ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਹਲਕਾ ਵਿਧਾਇਕ ਅਤੇ ਉਸਦੇ ਹਮਾਇਤੀਆਂ ਉੱਪਰ ਐੱਸ.ਸੀ.,ਐੱਸ.ਟੀ.ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਉਣ ਅਤੇ ਪੇਂਡੂ ਮਜ਼ਦੂਰ ਆਗੂਆਂ ਦੀ ਰਿਹਾਈ ਲਈ
28 ਮਈ ਨੂੰ ਦਲਿਤ ਮਜ਼ਦੂਰਾਂ ਵਿਰੋਧੀ ਗੱਠਜੋੜ ਦੇ ਖਿਲਾਫ਼ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਡੀ ਐੱਸ ਪੀ ਦਫ਼ਤਰ ਟਾਂਡਾ ਅੱਗੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਇੱਕ ਤਾਂ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਲ਼ਕਾ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਪਿੰਡ ਟਾਹਲੀ ਵਿਖੇ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਅੰਦਰ ਹਾਲ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਦੂਸਰਾ ਸੰਵਿਧਾਨਕ ਅਧਿਕਾਰ ਤਹਿਤ ਕਿ ਤੁਸੀਂ ਸੈਂਟਰਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਦੇ ਹੱਕ ਕਿਉਂ ਨਹੀਂ ਦਿੱਤੇ,ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਕਿਉਂ ਨਹੀਂ ਦਿੱਤੇ, ਮੁੱਖ ਮੰਤਰੀ ਮਜ਼ਦੂਰਾਂ ਦੀ ਸਮਾਂ ਦੇ ਕੇ ਮਜ਼ਦੂਰਾਂ ਨਾਲ ਮੀਟਿੰਗ ਕਿਉਂ ਨਹੀਂ ਕਰਦਾ, ਬਕਾਇਆ ਸਮੇਤ ਘਰੇਲੂ ਬਿਜਲੀ ਬਿੱਲ ਮੁਆਫ਼ ਕਿਉਂ ਨਹੀਂ ਕੀਤੇ ? ਇਹਨਾਂ ਸਵਾਲਾਂ ਦੇ ਦਲੀਲ ਨਾਲ ਜਵਾਬ ਦੇਣ ਦੀ ਥਾਂ ਹਲਕਾ ਵਿਧਾਇਕ ਅਤੇ ਉਸਦੇ ਹਮਾਇਤੀਆਂ ਵਲੋਂ ਦਲਿਤ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ। ਉਲਟ ਸਵੇਰੇ 11:30 ਵਜੇ ਹਲਕਾ ਵਿਧਾਇਕ ਦੇ ਖਾਸਮਖਾਸ ਚੌਂਕੀ ਇੰਚਾਰਜ ਬੌੜਾਂ ਬਸਤੀ ਵਲੋਂ ਪੇਂਡੂ ਮਜ਼ਦੂਰ ਆਗੂ ਨਾਵਲ ਗਿੱਲ ਟਾਹਲੀ,ਬੁੱਧ ਰਾਜ ਅਤੇ ਧਰਮਿੰਦਰ ਨੂੰ ਨਜਾਇਜ਼ ਹਿਰਾਸਤ ਵਿੱਚ ਲੈ ਕੇ ਥਾਣਾ ਟਾਂਡਾ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਚੌਂਕੀ ਇੰਚਾਰਜ ਨੇ ਦਲਿਤ ਘਰਾਂ ਵਿੱਚ ਛਾਪੇਮਾਰੀ ਕਰਕੇ ਔਰਤਾਂ ਨਾਲ ਬਦਤਮੀਜ਼ੀ ਕੀਤੀ ਅਤੇ ਰੀਨਾ ਨਾਮੀਂ ਦਲਿਤ ਔਰਤ ਤੋਂ ਫ਼ੋਨ ਝਪਟ ਕੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਗਿਆ ਅਤੇ ਫ਼ਿਲਮੀ ਕਹਾਣੀ ਬਣਾ ਹਲਕਾ ਵਿਧਾਇਕ ਨੂੰ ਖੁਸ਼ ਕਰਨ ਲਈ ਐੱਸ ਐੱਸ ਪੀ ਦੇ ਇਸ਼ਾਰੇ ਉੱਪਰ 11 ਦਲਿਤ ਮਜ਼ਦੂਰਾਂ ਖਿਲਾਫ਼ ਬਾਈ ਨੇਮ ਅਤੇ 4 ਅਣਪਛਾਤਿਆਂ ਉੱਪਰ ਮੁਕੱਦਮਾ ਦਰਜ ਕਰ ਦਿੱਤਾ ਤਾਂ ਕਿ ਦਹਿਸ਼ਤ ਪਾ ਕੇ ਦਲਿਤ ਮਜ਼ਦੂਰਾਂ ਦੀ ਜਮਹੂਰੀ ਆਵਾਜ਼ ਨੂੰ ਕਚਲਿਆ ਜਾ ਸਕੇ। ਹਲਕਾ ਵਿਧਾਇਕ ਤੇ ਪ੍ਰਸ਼ਾਸਨ ਭਰਮ ਪਾਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਿਖ਼ਤੀ ਤੌਰ ਉੱਤੇ ਮੁੱਖ ਚੋਣ ਕਮਿਸ਼ਨ ਭਾਰਤ, ਮੁੱਖ ਚੋਣ ਕਮਿਸ਼ਨ ਪੰਜਾਬ, ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸ ਐੱਸ ਪੀ ਹੁਸ਼ਿਆਰਪੁਰ ਨੂੰ ਲਿਖ਼ਤੀ ਦਰਖ਼ਾਸਤ ਕਰਨ ਦੇ ਬਾਵਜੂਦ ਹਲਕਾ ਵਿਧਾਇਕ ਅਤੇ ਉਸਦੇ ਹਮਾਇਤੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਲਾਰੇ ਲੱਪੇ ਲਾਉਣ ਉਪਰੰਤ ਵੀ ਮਜ਼ਦੂਰ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਗਿਆ।
ਸਗੋਂ ਉਲ਼ਟ ਹਲਕਾ ਵਿਧਾਇਕ ਅਤੇ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਇਸ਼ਾਰੇ ‘ਤੇ ਦਲਿਤ ਮਜ਼ਦੂਰਾਂ ਨੂੰ ਆਗੂ ਰਹਿਤ ਕਰਨ ਲਈ ਝੂਠੇ ਕੇਸ ਵਿੱਚ ਤਿੰਨ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜੋ ਚੋਣ ਕਮਿਸ਼ਨ ਦੀ ਨਿਰਪੱਖਤਾ ਉੱਪਰ ਸ਼ਿਵਾਲੀਆਂ ਨਿਸ਼ਾਨ ਲਗਾਉਂਦਾ ਹੈ।
ਉਨ੍ਹਾਂ ਕਿਹਾ ਕਿ ਯੂਨੀਅਨ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ ਅਤੇ ਹੋਰਨਾਂ ਦੀ ਅਗਵਾਈ ਹੇਠ ਪਿੰਡ ਟਾਹਲੀ ਸਮੇਤ ਇਲਾਕੇ ਅੰਦਰ ਪ੍ਰੋਫੈਸ਼ਨਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਧਨਾਢ ਲੋਕਾਂ ਦੇ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਦੇਣ,ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਵਰਗੇ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਸੰਘਰਸ਼ ਕਰ ਰਹੀ ਅਤੇ ਪੇਂਡੂ ਧਨਾਢਾਂ,ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਗੱਠਜੋੜ ਦੀਆਂ ਅੱਖਾਂ ਵਿੱਚ ਇਹ ਆਗੂ ਰੜਕ ਰਹੇ ਹਨ।
ਇਸ ਕਰਕੇ ਹੀ ਦਲਿਤ ਮਜ਼ਦੂਰਾਂ ਨੂੰ ਜਾਤੀ ਨੀਵਾਂ ਦਿਖਾਉਣ ਖਾਤਰ ਅਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਇਹ ਸਭ ਕੁੱਝ ਕੀਤਾ ਗਿਆ ਹੈ। ਇਸ ਵਧੀਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਸਲੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਂਦੇ ਹੋਏ ਇਸਦੇ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ ਅਤੇ ਇਸਦਾ ਜਵਾਬ 28 ਮਈ ਨੂੰ ਡੀ ਐੱਸ ਪੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਦਿੱਤਾ ਜਾਵੇਗਾ।

Related Articles

Back to top button