पंजाबशिक्षा और संस्कृति

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਏਡਜ਼ ਜਾਗਰੂਕਤਾ ਰੈਲੀ

ਏਡਜ਼ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿੱਚ ਪੁਸ਼ਪਾ ਗੁਜਰਾਲ ਸਾਂਇਸ ਸਿਟੀ ਵਲੋਂ ਸਥਾਪਤ ਰੈਡ ਰਿਬਨ ਕਲੱਬ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਤੋਂ ਇਕ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਵਿਚ ਕਾਲਜ ਦੇ ਫਾਰਮੇਸੀ ਵਿਭਾਗ ਦੇ ਤਕਰੀਬਨ 120 ਵਿਦਿਆਰਥੀਆਂ ਤੋਂ ਇਲਾਵਾ ਰੈਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ, ਜਨਰਲ ਸਕਤਰ ਪ੍ਰੋਫੈਸਰ ਪੰਕਜ ਗੁਪਤਾ ਅਤੇ ਸੈਕਟਰੀ ਅਭਿਸ਼ੇਕ ਸ਼ਰਮਾ ਨੇ ਭਾਗ ਲਿਆ। ਇਸ ਰੈਲੀ ਦੌਰਾਨ ਵਿਦਿਆਰਥੀਆਂ ਨੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੁਕ ਕਰਨ ਵਾਸਤੇ ਭਰਪੂਰ ਜੋਸ਼ ਦਿਖਾਇਆ।
ਇਸ ਤੋਂ ਪਹਿਲਾਂ ਇਸ ਰੈਲੀ ਨੂੰ ਕਾਲਜ ਦੇ ਪ੍ਰਿੰਸੀਪਲ ਅਤੇ ਰੈਡਰਿਬਨ ਕਲੱਬ ਦੇ ਪੈਟਰਨ ਡਾ. ਜਗਰੂਪ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਤੇ ਬੋਲਦਿਆਂ ਉਨਾਂ ਕਿਹਾ ਕਿ ਏਡਜ਼ ਦੀ ਜਾਣਕਾਰੀ ਹੀ ਇਸਦਾ ਇਲਾਜ ਹੈ ਅਤੇ ਵਿਦਿਆਰਥੀ ਇਸਦੀ ਰੋਕਥਾਮ ਲਈ ਅਹਿਮ ਯੋਗਦਾਨ ਪਾ ਸਕਦੇ ਹਨ। ਭਾਵੇਂ ਪਿਛਲੇ ਸਾਲਾਂ ਵਿੱਚ ਭਾਰਤ ਵਿੱਚ ਐਚ.ਆਈ.ਵੀ ਕੇਸਾਂ ਵਿਚ ਕਮੀ ਆਈ ਹੈ ਪਰੰਤੂ ਪੰਜਾਬ ਵਿਚ ਇਹਨਾਂ ਕੇਸਾਂ ਦਾ ਵਾਧਾ ਹੋਇਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਨਸ਼ਾ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਉਨਾਂ ਨੇ ਵਿਦਿਆਰਥੀਆਂ ਨੂੰ ਇਸ ਤੋਂ ਦੂਰ ਰਹਿਣ ਵਾਸਤੇ ਕਿਹਾ। ਡਾ. ਜਗਰੂਪ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਹੀ ਸਾਡੀ ਅਸਲ ਪੂੰਜੀ ਹੈ। ਚੰਗੀ ਸਿਹਤ ਨਾਲ ਹੀ ਅਸੀਂ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਸਕਦੇ ਹਾਂ।
ਇਸ ਮੌਕੇ ਤੇ ਬੋਲਦਿਆਂ ਰੈਡ ਰਿੱਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ ਨੇ ਕਿਹਾ ਕਿ ਏਡਜ਼ ਦੇ ਮਰੀਜਾਂ ਵਿਚ ਟੀ.ਬੀ ਦਾ ਖਤਰਾ ਵੱਧ ਜਾਂਦਾ ਹੈ ਕਿਉਕਿ ਏਡਜ਼ ਦੇ ਮਰੀਜ਼ਾਂ ਵਿਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਨੇ ਏਡਜ਼ ਨੂੰ ਖਤਮ ਕਰਨ ਲਈ 2031 ਦਾ ਟੀਚਾ ਮਿੱਥਿਆ ਹੈ। ਇਹ ਟੀਚਾ ਅਸੀ ਲੋਕਾਂ ਨੂੰ ਜਾਗਰੂਕ ਕਰਕੇ ਹੀ ਹਾਸਿਲ ਕਰ ਸਕਦੇ ਹਾਂ। ਉਨਾਂ ਨੇ ਅੱਗੇ ਕਿਹਾ ਕਿ ਏਡਜ਼ ਪ੍ਰਤੀ ਲੋਕਾਂ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਜਾਗਰੂਕਤਾ ਆਈ ਹੈ। ਸਿਵਲ ਹਸਪਤਾਲ ਵਿੱਚ ਸਥਾਪਤ ਆਰਟ ਸੈਂਟਰ ਵੀ ਕਾਫੀ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਰੈਡ ਰਿੱਬਨ ਕਲੱਬ ਦੇ ਜਨਰਲ ਸਕੱਤਰ ਪ੍ਰੋਫੈਸਰ ਪੰਕਜ ਗੁਪਤਾ ਅਤੇ ਪ੍ਰੋਫੈਸਰ ਅਭਿਸ਼ੇਕ ਸ਼ਰਮਾ ਨੇ ਇਸ ਮੌਕੇ ਤੇ ਮੌਜੂਦ ਸਾਰਿਆਂ ਦਾ ਧੰਨਵਾਦ ਕੀਤਾ।

Related Articles

Back to top button