

ਜਲੰਧਰ (25.08.2026) – ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ 15-20 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ 13 ਅਗਸਤ 2026 ਤੋਂ ਆਪਣੀਆਂ ਜਾਈਜ਼ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਜਾਰੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੱਤਾ ਦੇ ਨਸ਼ੇ ਵਿੱਚ ਆਪਣੇ ਵਾਅਦਿਆ ਤੋਂ ਭੱਜਦੀ ਨਜ਼ਰ ਆ ਰਹੀ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਮੁਲਾਜ਼ਮਾਂ ਨੇ ਅੱਜ ਪਹਿਲਾਂ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਰੇਬਾਜੀ ਕੀਤੀ, ਇਸ ਤੋਂ ਬਾਅਦ ਡਾ. ਪੰਖੁੜੀ ਦੀ ਅਗਵਾਈ ਹੇਠ ਡੀਸੀ ਦਫ਼ਤਰ ਵਿਖੇ ਪਹੁੰਚ ਕੇ ਮੁਲਾਜ਼ਮਾਂ ਵੱਲੋਂ ਰੋਸ਼ ਧਰਨਾ ਦਿੱਤਾ ਗਿਆ ਅਤੇ ਸਹਾਇਕ ਕਮਿਸ਼ਨਰ (ਜ) ਜਲੰਧਰ, ਮੋਜਰ (ਡਾ.) ਵਰੂਨ ਕੁਮਾਰ ਨੂੰ ਮੰਗ-ਪੱਤਰ ਦਿੱਤਾ ਗਿਆ ਅਤੇ ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਕਿਹਾ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਡਾ. ਸੁਮੀਤ ਕਪਾਹੀ, ਸੀਐਚਓ ਸੁਖਪ੍ਰੀਤ ਕੌਰ, ਡਾ. ਯੋਗੇਸ਼ ਸਚਦੇਵਾ, ਪਰਮਵੀਰ ਝਮਟ, ਡਾ. ਪੰਕਜ, ਡਾ. ਗੋਰਵ, ਡਾ. ਸਿਲਵਰੀ ਮੌਜੂਦ ਸਨ।
ਪੰਜਾਬ ਸਰਕਾਰ ਨੇ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ ਅਪਣਾਉਂਦਿਆਂ ਐਨ.ਐਚ.ਐਮ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਨੂੰ ਪੂਰਾ ਕਰਨ ਲਈ ਅਜੇ ਤੱਕ ਕੋਈ ਸਪੱਸ਼ਟ ਹਾਂ ਪੱਖੀ ਹੁੰਗਾਰਾ ਨਾ ਭਰਿਆ ਹੈ। ਜਿਸ ਕਰਕੇ ਪੰਜਾਬ ਭਰ ਵਿੱਚ ਕੰਮ ਕਰ ਰਹੇ ਸਮੂਹ ਐਨ.ਐਚ.ਐਮ ਕਰਮਚਾਰੀਆਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਕ ਮੰਚ ਉੱਤੇ ਇੱਕਜੁਟ ਹੋ ਗਏ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਗਾਤਾਰ ਚਲ ਰਹੇ ਧਰਨਾ ਪ੍ਰਦਰਸ਼ਨ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ।
ਐਨ.ਐਚ.ਐਮ. ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ 13 ਅਗਸਤ ਤੋਂ ਹੜਤਾਲ ਲਗਾਤਾਰ ਜਾਰੀ ਹੈ। ਹੜਤਾਲ ਦੋਰਾਨ ਐਨ.ਐਚ.ਐਮ. ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਰੇਬਾਜ਼ੀ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਸਰਕਾਰ ਨੂੰ ਗੁੜੀ ਨੀਂਦ ‘ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਸਖ਼ਤ ਸ਼ਬਦਾਂ ‘ਚ ਕਿਹਾ ਕਿ ਜੇਕਰ ਸਰਕਾਰ ਐਨ. ਐਚ. ਐਮ. ਮੁਲਾਜ਼ਮਾਂ ਦੀ ਮੁੱਖ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ, ਗਰੇਚੁਟੀ, ਉਮਰ ਹੱਦ ਵਾਧਾ ਆਦਿ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ, ਅਤੇ ਇਸ ਦਾ ਜਵਾਬ ਸਮੂਹ ਐਨ ਐਚ ਐਮ ਮੁਲਾਜ਼ਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਣਗੇ। ਇਸ ਮੋਕੇ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਯੂਨੀਅਨ ਦੇ ਮੁੱਖ ਬੁਲਾਰੇਆਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਜਲਦੀ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਨਹੀਂ ਕਰਦੀ ਤਾਂ ਐਨ. ਐਚ. ਐਮ. ਯੂਨੀਅਨ ਵੱਲੋਂ ਸਰਕਾਰ ਦਾ ਹਰ ਮੋੜ ਤੇ ਘੇਰਾਓ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹੇ ਦੇ ਸਮੂਹ ਐਨ.ਐਚ.ਐਮ. ਮੁਲਾਜ਼ਮ ਹਾਜਰ ਸਨ



