

ਜਲੰਧਰ, 25 ਅਗਸਤ :
ਜਲੰਧਰ ਦਾ ਸੀ.ਟੀ.ਇੰਸਟੀਚਿਊਟ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦੀ ਪੇਸ਼ਕਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ। ਨਾਮੀ ਕਲਾਕਾਰ ਆਸੂਤੋਸ਼ ਰਾਣਾ ਵਲੋਂ ਆਪਣੀ ਪੂਰੀ ਟੀਮ ਦੇ ਨਾਲ ਰਮਾਇਣ ’ਤੇ ਅਧਾਰਿਤ ਭਗਵਾਨ ਰਾਮ ਜੀ ਦੇ ਜੀਵਨ, ਕਦਰਾਂ-ਕੀਮਤਾਂ ਅਤੇ ਫਲਸਫ਼ੇ ਸਬੰਧੀ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਅਤੇ ਪੰਜਾਬ ਸਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਾਰੇ ਧਰਮਾਂ ਦੇ ਸਤਿਕਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਅਤੇ ਸਲਾਹਕਾਰ ਨੇ ਹਲਕਾ ਇੰਚਾਰਜ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਇੰਦਰਵੰਸ਼ ਸਿੰਘ ਚੱਢਾ, ਸੀਨੀਅਰ ਆਗੂ ਪੂਜਾ ਸਿੰਘ ਅਤੇ ਰੂਪ ਸੰਧੂ ਸਮੇਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸਨਾਤਮ ਧਰਮ ਦੇ ਰੂਹਾਨੀ ਸੰਦੇਸ਼ ਅਤੇ ਕਦਰਾਂ-ਕੀਮਤਾਂ ’ਤੇ ਚਾਨਣਾ ਪਾਉਣ ਲਈ ‘ਹਮਾਰੇ ਰਾਮ’ ਪ੍ਰਸਿੱਧ ਨਾਟਕ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੀ.ਟੀ.ਇੰਸਟੀਚਿਊਟ ਸ਼ਾਹਪੁਰ ਕੈਂਪਸ ਵਿਖੇ 28 ਤੇ 29 ਅਗਸਤ ਨੂੰ ਹਰ ਰੋਜ਼ 2-2 ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਹਨਾਂ ਪੇਸ਼ਕਾਰੀਆਂ ਦਾ ਅਨੁਭਵ ਹਾਸਿਲ ਕਰਨ।
ਸ਼੍ਰੀ ਭਗਤ ਅਤੇ ਸ਼ੀ ਬਾਲੀ ਨੇ ਕਿਹਾ ਕਿ ਇਹ ਪੇਸ਼ਕਾਰੀਆਂ ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਭਗਵਾਨ ਰਾਮ ਜੀ ਦੀ ਅਧਿਆਤਮਕਤਾ ਨਾਲ ਜੋੜਕੇ ਉਨ੍ਹਾਂ ਦੀ ਸਖਸ਼ੀਅਤ, ਸਾਦਾ ਜੀਵਨ ਅਤੇ ਧਾਰਮਿਕਤਾ ਦੇ ਸੰਦੇਸ਼ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਨਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਨਾਤਨ ਧਰਮ ਨਾਲ ਜੁੜੀਆਂ ਕਦਰਾਂ-ਕੀਮਤਾਂ ਤੇ ਰਵਾਇਤੀ ਪਰੰਪ੍ਰਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਪ੍ਰੋਗਰਾਮ ਨੂੰ ਸੂਬੇ ਭਰ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪਟਿਆਲਾ ਵਿਖੇ 80 ਕਰੋੜ ਰੁਪਏ ਦੀ ਲਾਗਤ ਨਾਲ ਕਾਲੀ ਮਾਤਾ ਮੰਦਿਰ ਦੇ ਕਰਵਾਏ ਜਾ ਰਹੇ ਵਿਕਾਸ ਅਤੇ ਰਾਮ ਤੀਰਥ ਅੰਮ੍ਰਿਤਸਰ ਵਿਖੇ ਮਾਤਾ ਸੀਤਾ ਅਤੇ ਲਵ-ਕੁਸ਼ ਮੰਦਿਰ ਬਣਾਉਣ ਦੀ ਤਜਵੀਜ਼ ਉਤੇ ਚਾਨਣਾ ਵੀ ਪਾਇਆ।
ਦੋਵਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਸਾਰੇ ਧਰਮਾਂ ਦੇ ਸੰਤਾਂ-ਮਹਾਂਪੁਰਸ਼ਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਫ਼ਲਤਾਪੂਰਵਕ ਢੰਗ ਮਨਾਇਆ ਗਿਆ ਹੈ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਸਾਲ ਭਰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਮੌਜੂਦਾ ਸਰਕਾਰ ਵਲੋਂ ਭਗਵਾਨ ਪਰਸ਼ੂ ਰਾਮ ਜੈਅੰਤੀ ਨੂੰ ਰਾਜ ਪੱਧਰ ’ਤੇ ਮਨਾਇਆ ਗਿਆ ਹੈ। ਦੋਵਾਂ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ‘ਹਮਾਰੇ ਰਾਮ’ ਪੇਸ਼ਕਾਰੀ ਨੂੰ ਵੱਡੇ ਪੱਧਰ ’ਤੇ ਸਫ਼ਲ ਬਣਾਇਆ ਜਾਵੇ।
——————



