ਜਲੰਧਰ (02.06.2026) – ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ “ਟੀ.ਬੀ. ਮੁਕਤ ਭਾਰਤ” ਐਪ ਦੀ ਸ਼ੁਰੂਆਤ ਕੀਤੀ ਗਈ। ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ (NTEP) ਤਹਿਤ ਜਲੰਧਰ ਨੂੰ ਟੀ.ਬੀ. ਮੁਕਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਟੀਬੀ ਦੇ ਖਾਤਮੇ ਲਈ ਇਹ ਐਪ ਕਾਰਗਰ ਉਪਰਾਲਾ ਸਾਬਿਤ ਹੋਵੇਗੀ ਅਤੇ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਲਈ ਸਮੂਹਿਕ ਯਤਨਾਂ ਨੂੰ ਹੋਰ ਤੇਜ ਕਰਨ ਵਿੱਚ ਸਹਾਇਕ ਹੋਵੇਗੀ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਟੀ.ਬੀ. ਮੁਕਤ ਭਾਰਤ” ਐਪ ਰਾਹੀਂ ਟੀ.ਬੀ. ਮਰੀਜਾਂ, ਹੈਲਥ ਸਟਾਫ, ਵਲੰਟੀਅਰ ਅਤੇ ਨਿਕਸ਼ੈ ਮਿੱਤਰ ਇਕੋ ਪਲੇਟਫਾਰਮ ‘ਤੇ ਇਕ-ਦੂਜੇ ਦੇ ਸੰਪਰਕ ਵਿੱਚ ਰਹਿਣਗੇ। ਜਿਸ ਨਾਲ ਟੀਬੀ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਜਾਂ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਟ੍ਰੈਕ ਕਰਨ ਵਿੱਚ ਆਸਾਨੀ ਹੋਵੇਗੀ। ਇਸਦੇ ਨਾਲ ਹੀ ਮਰੀਜਾਂ ਦੇ ਇਲਾਜ, ਨਿਊਟ੍ਰੀਸ਼ਨ ਕਿੱਟਾਂ ਦੀ ਵੰਡ ਕਰਨ ਵਿੱਚ ਮਦਦ ਮਿਲੇਗੀ। ਇਸ ਐਪ ਨੂੰ ਐਂਡਰਾਇਡ ਫੋਨ ਮੋਬਾਈਲ ਫੋਨਾਂ ਰਾਹੀਂ ਪਲੇ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਐਪ ਨਾਲ ਏ.ਆਈ. ਖੁਸ਼ੀ (ਈ-ਸੰਗਿਨੀ) ਦੇ ਜ਼ਰੀਏ ਟੀ.ਬੀ. ਦੀ ਬਿਮਾਰੀ ਸਬੰਧੀ ਆਪਣੇ ਸਵਾਲ ਆਪਣੀ ਭਾਸ਼ਾ (ਪੰਜਾਬੀ, ਹਿੰਦੀ ਅਤੇ ਅੰਗਰੇਜੀ) ਵਿੱਚ ਪੁੱਛ ਸਕਣਗੇ ਅਤੇ ਉਨ੍ਹਾਂ ਦੇ ਸਵਾਲਾਂ ਦਾ ਸਮਾਧਾਨ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਮਿਲ ਜਾਇਆ ਕਰੇਗਾ। ਟੀ.ਬੀ. ਦੀ ਬਿਮਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਟੀ.ਬੀ. ਹੈਲਪਲਾਈਨ ਨੰਬਰ 1800-11-6666 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਜਿਲ੍ਹਾ ਟੀ.ਬੀ. ਅਫ਼ਸਰ (ਕਾਰਜਕਾਰੀ) ਡਾ. ਪਰਮਵੀਰ ਸਿੰਘ ਅਤੇ ਡਾ. ਰਘੂ ਸੱਭਰਵਾਲ ਮੌਜੂਦ ਸਨ।