
ਜਲੰਧਰ (02-06-2026): ਸਿਹਤ ਵਿਭਾਗ ਜਲੰਧਰ ਵੱਲੋਂ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸਦੇ ਮੱਦੇਨਜਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ.) ਦੀ ਮੰਗਲਵਾਰ ਨੂੰ ਸਿਵਲ ਸਰਜਨ ਦਫਤਰ ਵਿਖੇ ਮੀਟਿੰਗ ਬੁਲਾਈ ਗਈ। ਮੀਟਿੰਗ ਦੌਰਾਨ ਸਮੂਹ ਬੀ.ਈ.ਈ. ਵੱਲੋਂ ਬਲਾਕ ਪੱਧਰ ‘ਤੇ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਈਈਸੀ/ਬੀਸੀਸੀ ਗਤੀਵਿਧੀਆਂ ਸਬੰਧੀ ਵੇਰਵਾ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਸਿਵਲ ਸਰਜਨ ਵੱਲੋਂ ਬਲਾਕ ਪੱਧਰ ‘ਤੇ ਕੀਤੀਆਂ ਜਾਣ ਵਾਲੀਆਂ ਸਿਹਤ ਪ੍ਰੋਗਰਾਮਾਂ ਸੰਬੰਧੀ ਜਾਗਰੂਕਤਾ ਗਤਿਵਿਧਿਆਂ ਦੀ ਸਮੀਖਿਆਂ ਕੀਤੀ ਗਈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਸਮੂਹ ਬੀ.ਈ.ਈ. ਨੂੰ ਹਦਾਇਤ ਕਰਦਿਆਂ ਕਿਹਾ ਗਿਆ ਕਿ ਲੋਕਾਂ ਨੂੰ ਸੈਮੀਨਾਰਾਂ/ਸਮੂਹ ਚਰਚਾਵਾਂ ਰਾਹੀਂ ਵੱਖ-ਵੱਖ ਸਿਹਤ ਸਕੀਮਾਂ ਅਤੇ ਸਿਹਤ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ। ਉਨ੍ਹਾਂ ਸਿਹਤ ਸਟਾਫ਼ ਨੂੰ ਸਖਤ ਹਦਾਇਤ ਦਿੰਦਿਆਂ ਕਿਹਾ ਕਿ ਗਰਭਵਤੀ ਔਰਤਾਂ ਦਾ ਐਂਟੀਨੇਟਲ ਚੈਕਅਪ 100 ਫੀਸਦ ਕਰਨਾ ਯਕੀਨੀ ਬਣਾਇਆ ਜਾਵੇ।
ਸਿਵਲ ਸਰਜਨ ਨੇ ਬੀ.ਈ.ਈਜ਼ ਤੋਂ ਏ.ਐਨ.ਐਮ. ਵੱਲੋਂ ਕੀਤੇ ਜਾਣ ਵਾਲੇ ਕੰਮਕਾਜ ਬਾਰੇ ਜਾਣਕਾਰੀ ਲਈ ਅਤੇ ਉਸਦੀ ਸਮੀਖਿਆ ਕਰਦੇ ਹੋਏ ਸਮੂਹ ਬੀ.ਈ.ਈ. ਨੂੰ ਰੂਟੀਨ ਟੀਕਾਕਰਨ, ਐਚ.ਪੀ.ਵੀ. ਵੈਕਸੀਨ, ਏ.ਐਨ.ਸੀ. (ਐਂਟੀਨੇਟਲ) ਅਤੇ ਪੀ.ਐਨ.ਸੀ. (ਪੋਸਟਨੇਟਲ) ਚੈਕਅਪ, ਮੁੱਖਮੰਤਰੀ ਸਿਹਤ ਯੋਜਨਾ ਅਤੇ “ਵਿਸ਼ਵ ਆਬਾਦੀ ਦਿਵਸ” ਦੇ ਮੱਦੇਨਜਰ ਜੂਨ ਮਹੀਨੇ ਦੇ ਆਖਰੀ ਹਫ਼ਤੇ ਸ਼ੁਰੂ ਹੋਣ ਜਾ ਰਹੇ ਦੰਪਤੀ ਸੰਪਰਕ ਪੰਦਰਵਾੜੇ ਸਬੰਧੀ ਪਰਿਵਾਰ ਭਲਾਈ ਸਬੰਧੀ ਜਾਗਰੂਕਤਾ ਗਤੀਵਿਧੀਆਂ ਅਤੇ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਨੂੰ ਹੋਰ ਤੇਜ ਕਰਨ ਦੀ ਹਦਾਇਤ ਦਿੱਤੀ ਤਾਂ ਜੋ ਵੱਧ ਤੋਂ ਵੱਧ ਲੋਕ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਨਾਲ ਸੰਬੰਧਤ ਸਿਹਤ ਸੇਵਾਵਾਂ ਦਾ ਲਾਭ ਲੈ ਸਕਣ।