ਜਲੰਧਰ (17.04.2026): ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਡਾ. ਵਨਿੰਦਰ ਰਿਆੜ ਵੱਲੋਂ ਵੀਰਵਾਰ ਨੂੰ ਪਦਉਨਤੀ ਉਪਰੰਤ ਬਤੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸਿਵਲ ਸਰਜਨ ਦਫ਼ਤਰ ਜਲੰਧਰ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਅਤੇ ਸਾਰੇ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ।
ਅਹੁਦਾ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਡਾ. ਵਨਿੰਦਰ ਰਿਆੜ ਨੇ ਦੱਸਿਆ ਕਿ ਦਫ਼ਤਰ ਆਉਣ ਵਾਲੇ ਆਮ ਲੋਕਾਂ ਦਾ ਕੰਮ ਬਿਨ੍ਹਾਂ ਕਿਸੇ ਖੱਜਲ ਖੁਆਰੀ ਅਤੇ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਜੱਚਾ-ਬੱਚਾ ਸਿਹਤ ਸੇਵਾਵਾਂ ’ਚ ਹੋਰ ਸੁਧਾਰ ਕੀਤਾ ਜਾਵੇਗਾ, ਤਾਂ ਜੋ ਬਾਲ ਮੌਤ ਦਰ ਅਤੇ ਮਾਤ੍ਰੀ ਮੌਤ ਦਰ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਸਿਵਲ ਸਰਜਨ ਦਫ਼ਤਰ ਦੇ ਸਮੁੱਚੇ ਸਟਾਫ਼ ਦਾ ਸਵਾਗਤ ਮੌਕੇ ਧੰਨਵਾਦ ਕੀਤਾ।
ਡਾ. ਵਨਿੰਦਰ ਰਿਆੜ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਯੂ.ਆਰ.ਸੀ. ਕੈਂਟ ਵਿੱਖੇ ਬਤੌਰ ਮੈਡੀਕਲ ਅਫ਼ਸਰ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਵੱਲੋਂ ਸਿਹਤ ਵਿਭਾਗ ਪੰਜਾਬ ‘ਚ ਸਾਲ 2009 ਵਿੱਚ ਸੀ.ਐਚ.ਸੀ. ਫਤਿਹਗੜ੍ਹ ਚੂੜੀਆਂ ਅਧੀਨ ਮਿਨੀ ਪੀ.ਐਚ.ਸੀ. ਕਾਲਾ ਅਫਗਾਨਾ, ਗੁਰਦਾਸਪੁਰ ਤੋਂ ਬਤੌਰ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਦੇ ਸਫਰ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਉਹ ਸਾਲ 2010 ਤੋਂ 2018 ਤੱਕ ਸੀ.ਐਚ.ਸੀ. ਨੋਸ਼ਹਿਰਾ ਮਾਝਾ ਸਿੰਘ ਅਧੀਨ ਮਿਨੀ ਪੀ.ਐਚ.ਸੀ. ਭੁਬਲੀ ਜਿਲ੍ਹਾ ਗੁਰਦਾਸਪੁਰ ਅਤੇ 2018 ਤੋਂ 2021 ਤੱਕ ਸੀਐਚਸੀ ਪੀਏਪੀ ਵਿਖੇ ਬਤੌਰ ਮੈਡੀਕਲ ਅਫ਼ਸਰ ਤਾਈਨਾਤ ਰਹੇ ਅਤੇ 2021 ਤੋਂ ਉਹ ਯੂ.ਆਰ.ਸੀ. ਕੈਂਟ ਵਿਖੇ ਸੇਵਾਵਾਂ ਦੇ ਰਹੇ ਸਨ।