
ਜਲੰਧਰ (26.06.2026) – ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਅਤੇ ਇਲਾਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੂਬੇ ‘ਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਮੱਦੇਨਜਰ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿਖੇ “ਮੈਥਾਡੋਨ ਮੇਂਨਟੇਨੈਂਸ ਟਰੀਟਮੈਂਟ ਕਲੀਨਿਕ” ਦਾ ਵਰਚੁਅਲੀ ਉਦਘਾਟਨ ਕਰਕੇ ਸਿਵਲ ਹਸਪਤਾਲਾਂ ‘ਚ ਮੈਥਾਡੋਨ ਮੇਂਨਟੇਨੈਂਸ ਟਰੀਟਮੈਂਟ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੈਂਟ ਨਮਿਤਾ ਘਈ ਦੀ ਅਗਵਾਈ ਹੇਠ ਨਸ਼ਾ ਮੁਕਤੀ ਕੇਂਦਰ, ਸਿਵਲ ਹਸਪਤਾਲ ਜਲੰਧਰ ਵਿਖੇ ਮੈਥਾਡੋਨ ਮੇਂਨਟੇਨੈਂਸ ਟਰੀਟਮੈਂਟ ਕਲੀਨਿਕ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ ਗਿਆ । ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਡਾ. ਅਭਯਰਾਜ ਸਿੰਘ, ਡਾ. ਅਮਨ ਸੂਦ, ਡਾ. ਸੰਗਮਜੋਤ ਕੋਰ, ਸੁਖਵਿੰਦਰ ਸਿੰਘ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਡਿਪਟੀ ਐਮਈਆਈਓ ਗੁਰਜੀਤ ਕੌਰ ਮੌਜੂਦ ਸਨ।
ਉਦਘਾਟਨ ਤੋਂ ਬਾਅਦ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਇਹ ਕਲੀਨਿਕ ਨਸ਼ਾ ਵਿਰੋਧੀ ਲੜਾਈ ਵਿੱਚ ‘ਹਾਰਮ ਰੀਡਕਸ਼ਨ’ (ਨੁਕਸਾਨ ਘਟਾਉਣ) ਦੇ ਉਦੇਸ਼ ਨਾਲ ਖੋਲ੍ਹਿਆ ਗਿਆ ਹੈ, ਜਿਸ ਨਾਲ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ‘ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਮੈਥਾਡੋਨ ਦਵਾਈ ਓਪੀਆਈਡ (ਹੈਰੋਇਨ/ਸਮੈਕ) ਦੀ ਤੋੜ ਅਤੇ ਤਲਬ ਨੂੰ ਬਿਨਾਂ ਨਸ਼ਾ ਚੜ੍ਹਾਏ ਕੰਟਰੋਲ ਕਰਦੀ ਹੈ। ਇਸ ਦੇ ਮੌਖਿਕ (ਓਰਲ) ਸੇਵਨ ਨਾਲ ਮਰੀਜ਼ਾਂ ਵਿੱਚ ਸੂਈਆਂ ਦੀ ਵਰਤੋਂ ਬੰਦ ਹੋਵੇਗੀ, ਜਿਸ ਨਾਲ ਐਚ.ਆਈ.ਵੀ. (HIV) ਅਤੇ ਹੈਪੇਟਾਈਟਸ-ਬੀ ਤੇ ਸੀ ਵਰਗੀਆਂ ਜਾਨਲੇਵਾ ਬਿਮਾਰੀਆਂ ਦੇ ਫੈਲਾਅ ਨੂੰ ਜੜ੍ਹੋਂ ਰੋਕਿਆ ਜਾ ਸਕੇਗਾ।
ਹਸਪਤਾਲ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਭਰੋਸਾ ਦਿਵਾਇਆ ਕਿ ਸਿਵਲ ਹਸਪਤਾਲ ਵਿਖੇ ਇੱਥੇ ਆਉਣ ਵਾਲੇ ਮਰੀਜ਼ਾਂ ਦੀ ਦੇਖਭਾਲ, ਨਿਰਵਿਘਨ ਦਵਾਈ ਦੀ ਸਪਲਾਈ ਅਤੇ ਕੌਂਸਲਿੰਗ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਕਲੀਨਿਕ ਦਾ ਸਟਾਫ਼ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਹੈ, ਜੋ ਮਰੀਜ਼ਾਂ ਦੀ ਪਛਾਣ ਗੁਪਤ ਰੱਖ ਕੇ ਉਨ੍ਹਾਂ ਦਾ ਬਿਲਕੁਲ ਮੁਫ਼ਤ ਇਲਾਜ ਕਰੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਪੀੜਤਾਂ ਨੂੰ ਗੁਨਾਹਗਾਰ ਦੀ ਬਜਾਏ ਇੱਕ ਮਰੀਜ਼ ਸਮਝ ਕੇ ਇਲਾਜ ਲਈ ਅੱਗੇ ਲਿਆਉਣ।
ਉਦਘਾਟਨ ਤੋਂ ਬਾਅਦ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਵੱਲੋਂ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ (Drug De-addiction Day) ਦੇ ਸਬੰਧ ਵਿੱਚ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਅਤੇ ਐਲ.ਐਲ.ਆਰ. (LLR) ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਇੱਕ ਵਿਸ਼ੇਸ਼ ਪੋਸਟਰ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਜਾਗਰੂਕਤਾ ‘ਤੇ ਆਧਾਰਿਤ ਪ੍ਰਭਾਵਸ਼ਾਲੀ ਸਕਿੱਟਾਂ (ਨਾਟਕ) ਵੀ ਪੇਸ਼ ਕੀਤੀਆਂ ਗਈਆਂ, ਜਿਸ ਦੀ ਸਿਹਤ ਅਧਿਕਾਰੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।