

ਜਲੰਧਰ, 12 ਨਵੰਬਰ 2026:
“ਵਿਸ਼ਵ ਨਿਮੋਨੀਆ ਦਿਵਸ” ਮੌਕੇ ਜਨ ਜਾਗਰੂਕਤਾ ਤਹਿਤ ਨਿਮੋਨੀਆ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ (DIO) ਡਾ. ਸਿਮਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਲਾਇਲਪੁਰ ਖਾਲਸਾ ਗਰਲਜ਼ ਸਕੂਲ ਸੁਰਾਜਗੰਜ (ਜਲੰਧਰ) ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਕਿਰਨ ਨੇ ਦੱਸਿਆ ਕਿ ਹਰ ਸਾਲ 12 ਨਵੰਬਰ ਨੂੰ ਲੋਕਾਂ ਨੂੰ ਇਸ ਗੰਭੀਰ ਬਿਮਾਰੀ ਪ੍ਰਤੀ ਸੁਚੇਤ ਕਰਨ ਲਈ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਿਮੋਨੀਆ ਫੇਫੜਿਆਂ ਦੀ ਇੱਕ ਲਾਗ ਹੈ, ਜਿਸ ਕਾਰਨ ਇੱਕ ਜਾਂ ਦੋਵੇਂ ਫੇਫੜਿਆਂ ਦੀਆਂ ਹਵਾ ਵਾਲੀਆਂ ਥੈਲੀਆਂ ਵਿੱਚ ਸੋਜ ਆ ਜਾਂਦੀ ਹੈ ਅਤੇ ਉਨ੍ਹਾਂ ਵਿੱਚ ਤਰਲ ਜਾਂ ਪਸ (ਰੇਸ਼ਾ) ਭਰ ਜਾਂਦੀ ਹੈ। ਇਹ ਬਿਮਾਰੀ ਬੈਕਟੀਰੀਆ, ਵਾਇਰਸ ਜਾਂ ਫੰਗਲ ਇਨਫੈਕਸ਼ਨ ਕਾਰਨ ਹੋ ਸਕਦੀ ਹੈ ਅਤੇ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਵਾਲੇ ਵਿਅਕਤੀਆਂ, ਖਾਸ ਕਰਕੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਘਾਤਕ ਸਾਬਤ ਹੋ ਸਕਦੀ ਹੈ।
ਡਾ. ਕਿਰਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਿਮੋਨੀਆ ਨੂੰ ਜੜ੍ਹੋਂ ਖਤਮ ਕਰਨ ਲਈ 12 ਨਵੰਬਰ 2026 ਤੋਂ 28 ਫਰਵਰੀ 2027 ਤੱਕ ਵਿਸ਼ੇਸ਼ ‘ਸਾਂਸ’ (SAANS 2026-27) ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦਾ ਇਮਿਊਨ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਨ ਉਹ ਜਲਦੀ ਇਸ ਲਾਗ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਵਿੱਚ ਉਲਟੀਆਂ ਆਉਣਾ, ਸਾਹ ਲੈਣ ਵਿੱਚ ਤਕਲੀਫ਼ ਹੋਣੀ ਜਾਂ ਤੇਜ਼ ਸਾਹ ਚੱਲਣਾ, ਦੁੱਧ ਨਾ ਪੀਣਾ, ਠੰਢ ਲੱਗ ਕੇ ਬੁਖਾਰ ਚੜ੍ਹਣਾ ਅਤੇ ਚਮੜੀ ਜਾਂ ਬੁੱਲ੍ਹਾਂ ਦਾ ਨੀਲਾ ਪੈਣਾ ਨਿਮੋਨੀਆ ਦੇ ਮੁੱਖ ਲੱਛਣ ਹਨ। ਇਸੇ ਤਰ੍ਹਾਂ ਬਜ਼ੁਰਗਾਂ ਵਿੱਚ ਮਾਸ-ਪੇਸ਼ੀਆਂ ਵਿੱਚ ਦਰਦ, ਖੁਸ਼ਕ ਖੰਘ, ਬੁਖਾਰ, ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ ਅਤੇ ਨਹੁੰਆਂ ਦਾ ਨੀਲਾ ਪੈਣਾ ਇਸ ਬਿਮਾਰੀ ਦੇ ਸੰਕੇਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਲੱਛਣ ਦਿਖਾਈ ਦੇਣ ‘ਤੇ ਘਰੇਲੂ ਨੁਸਖਿਆਂ ਦੀ ਬਜਾਏ ਤੁਰੰਤ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਮਾਹਿਰ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਸੈਮੀਨਾਰ ਦੌਰਾਨ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਭਰਵਾਂ ਸਹਿਯੋਗ ਦਿੱਤਾ ਗਿਆ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ਆਖਿਰ ਵਿਚ ਡਾ. ਕਿਰਨ ਨੇ ਸਕੂਲ ਮੁਖੀ ਮੈਡਮ ਅਲਕਾ ਤਹਿਰਾਨ ਅਤੇ ਸਕੂਲ ਦੇ ਸਟਾਫ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਦੀ ਵੀ ਸ਼ਲਾਗਾ ਕੀਤੀ ।
(ਡੱਬੀ ਲਈ):
*ਨਿਮੋਨੀਆ ਨੂੰ ਮਾਤ ਦੇਣ ਲਈ ਸਮੇਂ ਸਿਰ ਟੀਕਾਕਰਨ ਤੇ ਸਹੀ ਇਲਾਜ ਜ਼ਰੂਰੀ* *: ਸਿਵਲ ਸਰਜਨ ਡਾ. ਰਾਜੇਸ਼ ਗਰਗ*
ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਲੋਕਾਂ ਨੂੰ ਅਪੀਲ*
” ਨਿਮੋਨੀਆ ਇੱਕ ਇਲਾਜਯੋਗ ਬਿਮਾਰੀ ਹੈ, ਬਸ਼ਰਤੇ ਇਸ ਦੀ ਪਛਾਣ ਸਹੀ ਸਮੇਂ ‘ਤੇ ਹੋ ਜਾਵੇ। ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ‘ਸਾਂਸ 2026-27’ ਮੁਹਿੰਮ ਦਾ ਮੁੱਖ ਮੰਤਵ ਸਮਾਜਿਕ ਜਾਗਰੂਕਤਾ ਰਾਹੀਂ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣਾ ਹੈ। ੳਹਨਾਂ ਸਮੂਹ ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਸੰਪੂਰਨ ਅਤੇ ਨਿਯਮਿਤ ਟੀਕਾਕਰਨ (ਖਾਸ ਕਰਕੇ ਪੀ.ਸੀ.ਵੀ. ਵੈਕਸੀਨ) ਜਰੂਰ ਕਰਵਾਉਣ। ਉਹਨਾ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਢ ਅਤੇ ਧੂੰਏਂ (ਪ੍ਰਦੂਸ਼ਣ) ਤੋਂ ਬਚਾ ਕੇ ਰੱਖੋ, ਸੰਤੁਲਿਤ ਤੇ ਪੌਸ਼ਟਿਕ ਆਹਾਰ ਦਿਓ ਅਤੇ ਹੱਥਾਂ ਦੀ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖੋ। ਜੇਕਰ ਕਿਸੇ ਵੀ ਬੱਚੇ ਜਾਂ ਬਜ਼ੁਰਗ ਨੂੰ ਸਾਹ ਲੈਣ ਵਿੱਚ ਦਿੱਕਤ ਜਾਂ ਤੇਜ਼ ਬੁਖਾਰ ਹੋਵੇ, ਤਾਂ ਬਿਨਾਂ ਕਿਸੇ ਦੇਰੀ ਦੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਜਾਂਚ ਅਤੇ ਇਲਾਜ ਲਈ ਸੰਪਰਕ ਕਰੋ।”*
*— ਡਾ. ਰਾਜੇਸ਼ ਗਰਗ, ਸਿਵਲ ਸਰਜਨ ਜਲੰਧਰ*



