Sliderपंजाब

ਪੰਜਾਬ ਵਿੱਚ ਜੰਗਲਾਰਾਜ ਵਾਲੇ ਹਾਲਾਤ, ਮੁੱਖ ਮੰਤਰੀ ਮਾਨ ਤੁਰੰਤ ਅਸਤੀਫ਼ਾ ਦੇਣ: ਕੇਵਲ ਸਿੰਘ ਢਿੱਲੋਂ*

*

ਚੰਡੀਗੜ੍ਹ, 12 ਅਕਤੂਬਰ ( )- ਪੰਜਾਬ ਵਿੱਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਆਮ ਜਨਤਾ ਤਾਂ ਦੂਰ, ਹੁਣ ਤਾਂ ਪੰਜਾਬ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਰਹੇ। ਤਰਨਤਾਰਨ ਵਿੱਚ ਏਐੱਸਆਈ ਇਕਬਾਲ ਸਿੰਘ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਇਸ ਦੀ ਤਾਜ਼ਾ ਮਿਸਾਲ ਹੈ। ਫਰਬਰੀ ਮਹੀਨੇ ਤੋਂ ਹੁਣ ਤੱਕ ਉਹ ਚੌਥੇ ਏਐੱਸਆਈ ਹਨ, ਜਿਨ੍ਹਾਂ ਨੂੰ ਕਤਲ ਕੀਤਾ ਗਿਆ ਹੈ। ਇਹ ਸ਼ਬਦ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹਨ, ਜੋ ਉਨ੍ਹਾਂ ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕਹੇ।
ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਗ੍ਰਹਿ ਮੰਤਰਾਲਾ ਉਨ੍ਹਾਂ ਕੋਲ ਹੈ, ਤੇ ਇਨ੍ਹਾਂ ਕਤਲਾਂ ਦੀ ਸਿੱਧੀ ਜ਼ਿੰਮੇਵਾਰੀ ਉਨ੍ਹਾਂ ਦੇ ਮੰਤਰਾਲੇ ਦੀ ਹੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਜਿਹੜਾ ਗ੍ਰਹਿ ਮੰਤਰੀ ਸੂਬੇ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹਿੰਦਾ ਹੈ, ਉਸ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

*7 ਮਹੀਨਿਆਂ ਚ 4 ਏਐੱਸਆਈ ਕਤਲ*
ਢਿੱਲੋਂ ਨੇ ਕਿਹਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਪਿਛਲੇ ਸੱਤ ਮਹੀਨਿਆਂ ਦੌਰਾਨ ਚਾਰ ਏਐੱਸਆਈਜ਼ ਅਤੇ ਇੱਕ ਹੋਮਗਾਰਡ ਦੇ ਕਤਲ ਅਤੇ ਦੋ ਏਐੱਸਆਈਜ਼ ’ਤੇ ਹੋਏ ਜਾਨਲੇਵਾ ਹਮਲੇ ਇਸ ਗੱਲ ਦਾ ਸਬੂਤ ਹਨ ਕਿ ਪੰਜਾਬ ਵਿੱਚ ਜੰਗਲਰਾਜ ਚੱਲ ਰਿਹਾ ਹੈ। ਇਨ੍ਹਾਂ ਕਤਲਾਂ ਤੇ ਹਮਲਿਆਂ ਦੀ ਗੈਂਗਸਟਰ ਸੋਸ਼ਲ ਮੀਡੀਆ ਉੱਤੇ ਸ਼ਰ੍ਹੇਆਮ ਪੋਸਟਾਂ ਪਾ ਕੇ ਜ਼ਿੰਮੇਵਾਰੀਆਂ ਲੈ ਰਹੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਗੈਂਗਸਟਰਾਂ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ ਅਤੇ ਪੰਜਾਬ ਸਰਕਾਰ ਚੁੱਪਚਾਪ ਤਮਾਸ਼ਾ ਦੇਖ ਰਹੀ ਹੈ।
ਪੰਜਾਬ ਭਾਜਪਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਵੀ ਸਵਾਲ ਕੀਤਾ ਕਿ ਉਨ੍ਹਾਂ ਦੇ ਉਸ ਦਾਅਵੇ ਦਾ ਕੀ ਬਣਿਆ ਜਦੋਂ ਉਹ ਕਹਿੰਦੇ ਸਨ ਕਿ ਗੈਂਗਸਟਰ ਪੰਜਾਬ ਛੱਡ ਕੇ ਚਲੇ ਜਾਣ, ਨਹੀਂ ਤਾਂ ਭਜਾ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੈਂਗਸਟਰ ਮੁਕਤ ਕਰਨ ਦਾ ਇਹ ਵਾਅਦਾ ਵੀ ਖੋਖਲਾ ਹੀ ਸਾਬਿਤ ਹੋਇਆ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਸ਼ਾਇਦ ਪੰਜਾਬ ਲਈ ਸਮਾਂ ਨਹੀਂ ਹੈ, ਉਹ ਤਾਂ ਸਟੇਜਾਂ ਉੱਤੇ ਚੁਟਕਲੇਬਾਜ਼ੀ ਕਰਨ ਜਾਂ ਫੇਰ ‘ਆਪ’ ਸੁਪਰੀਮੋ ਦੀ ਟਹਿਲ-ਸੇਵਾ ਵਿੱਚ ਲੱਗੇ ਰਹਿੰਦੇ ਹਨ।

Related Articles

Back to top button