

ਜਲੰਧਰ, 25 ਅਗਸਤ :
ਜਲੰਧਰ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਦਿਨਾਂ ਵਿੱਚ ਨਵੀਂ ਤਬਦੀਲੀ ਦੇਖਣ ਨੂੰ ਮਿਲੇਗੀ ਕਿਉਂਕਿ ਪੰਜਾਬ ਦੇ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਦੀ ਅਗਵਾਈ ਵਾਲੀ ਰੋਗੀ ਕਲਿਆਣ ਸਮਿਤੀ ਵਲੋਂ ਮਰੀਜ਼ਾਂ ਲਈ ਸਿਹਤ ਸੰਭਾਲ ਦੀਆਂ ਸਹੂਲਤਾਂ ਵਿੱਚ ਹੋਰ ਸੁਧਾਰ ਲਈ ਕਈ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੇ ਨਾਲ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਿਹਤ ਸੰਭਾਲ ਦੇ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਆਮ ਆਦਮੀ ਕਲੀਨਿਕ ਪਹਿਲਕਦਮੀਆਂ ਲੋਕਾਂ ਨੂੰ ਪਹੁੰਚਯੋਗ ਸਿਹਤ ਸੰਭਾਲ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਨਵੀਂ ਮਿਸਾਲ ਕਾਇਮ ਕਰ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਚੀਬੱਧ ਹਸਪਤਾਲ ਅਤੇ ਇਹਨਾਂ ਵਿੱਚ ਉਪਲਬੱਧ ਇਲਾਜ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਮੁਹਿੰਮਾਂ ਚਲਾਈਆਂ ਜ਼ਾਣ। ਉਨ੍ਹਾਂ ਕਿਹਾ ਕਿ ਜਾਗਰੂਕਤਾ ਸਦਕਾ ਹੀ ਲੋਕ ਵਿਸ਼ੇਸ਼ ਇਲਾਜ ਲਈ ਇਹਨਾਂ ਹਸਪਤਾਲਾਂ ਤੱਕ ਪਹੁੰਚ ਕਰਕੇ 10 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਉਠਾ ਸਕਣਗੇ।
ਸ੍ਰੀ ਭਗਤ ਨੇ ਸੂਚੀਬੱਧ ਹਸਪਤਾਲਾਂ ਨੂੰ ਵੀ ਹਦਾਇਤ ਕੀਤੀ ਕਿ ਇਸ ਸਕੀਮ ਤਹਿਤ ਉਪਲਬੱਧ ਇਲਾਜ ਬਾਰੇ ਸੂਚਨਾ ਬੋਰਡ ਲਗਾਏ ਜਾਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਚੀਬੱਧ ਹਸਪਤਾਲਾਂ ਵਿੱਚ ਉਪਲੱਬਧ ਇਲਾਜ ਦੀ ਸੂਚਨਾ ਬਾਰੇ ਬੋਰਡ ਜਲਦ ਤੋਂ ਜਲਦ ਲੱਗ ਜਾਣੇ ਚਾਹੀਦੇ ਹਨ।
ਮੀਟਿੰਗ ਦੌਰਾਨ ਜਲੰਧਰ ਸਿਵਲ ਹਸਪਤਾਲ ਨਾਲ ਸਬੰਧਿਤ ਕਈ ਤਜਵੀਜ਼ਾਂ ’ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਪ੍ਰਵਾਨ ਕੀਤੀਆਂ ਗਈਆ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਪੀਚ ਥੈਰੇਪੀ ਲਈ ਆਡੀਓਮੈਟਰੀ ਰੂਮ ਤਿਆਰ ਕਰਨ ਲਈ ਵਿਸਥਾਰਤ ਅਨੁਮਾਨ ਤਿਆਰ ਕੀਤਾ ਜਾਵੇ। ਇਸ ਮੌਕੇ ਮਰੀਜ਼ਾਂ ਨੂੰ ਘੱਟ ਕੀਮਤ ਉਤੇ ਦਵਾਈਆਂ ਉਪਲਬੱਧ ਕਰਵਾਉਣ ਲਈ ਜਨ ਔਸ਼ਧੀ ਸੈਂਟਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ।
ਇਸ ਮੌਕੇ ਨਵੇਂ ਸਿਖਲਾਈ ਹਾਲ, ਭੀੜੇ ਇਲਾਕਿਆਂ ਵਿੱਚ ਜਾਣ ਲਈ ਮੋਬਾਇਲ ਐਂਬੂਲੈਂਸ, ਵੇਟਿੰਗ ਹਾਲ ਦੀ ਮੁਰੰਮਤ, ਬੱਚਿਆਂ ਦੀ ਵਾਰਡ ਵਿੱਚ ਬੱਚਿਆਂ ਲਈ ਖੇਡ ਖੇਤਰ ਅਤੇ ਮੈਟਰਨਿਟੀ ਵਾਰਡ ਵਿੱਚ ਮਾਵਾਂ ਵਲੋਂ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਕਮਰਾ ਤਿਆਰ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ।
ਕੈਬਨਿਟ ਮੰਤਰੀ ਵਲੋਂ ਸੀਵਰੇਜ ਪਾਈਪ ਲਾਈਨ ਵਿਛਾਉਣ ਅਤੇ ਵਾਸ਼ਰੂਮ ਦੀ ਮੁਰੰਮਤ ਆਦਿ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀਵਰੇਜ ਪਾਈਪ ਲਾਈਨ ਦਾ 80 ਫੀਸਦੀ ਜਦਕਿ ਵਾਸ਼ਰੂਮ ਦੀ ਮੁਰੰਮਤ ਦਾ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।
ਵਧੀਕ ਡਿਪਟੀ ਕਮਿਸ਼ਨਰ ਦਿਵਿਆ ਪੀ., ਸਿਵਲ ਸਰਜਨ ਡਾ.ਰਾਜੇਸ਼ ਗਰਗ, ਮੈਡੀਕਲ ਸੁਪਰਡੰਟ ਡਾ.ਨਮਿਤਾ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਮੀਟਿੰਗ ਵਿੱਚ ਹਾਜ਼ਰ ਸਨ।
——————————-



