

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੀ ਐਨ.ਐਸ.ਐਸ. ਇਕਾਈ ਨੇ ‘ਮਾਈ ਭਾਰਤ‘ (My Bharat) ਦਫ਼ਤਰ, ਜਲੰਧਰ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ‘ਆਪਣੀ ਵੋਟ ਨੂੰ ਜਾਣੋ‘ ਵਿਸ਼ੇ ‘ਤੇ ਇੱਕ ‘ਯੁਵਾ ਸੰਵਾਦ‘ ਦਾ ਆਯੋਜਨ ਕੀਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਯੋਗ ਨੌਜਵਾਨਾਂ ਨੂੰ ਵੋਟਰ ਕਾਰਡ ਲਈ ਰਜਿਸਟਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਧਰਮ, ਜਾਤ ਜਾਂ ਪਛਾਣ ਦੇ ਆਧਾਰ ‘ਤੇ ਬਿਨਾਂ ਕਿਸੇ ਵਿਤਕਰੇ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ 2047 ਤੱਕ ‘ਵਿਕਸਿਤ ਭਾਰਤ‘ ਦੇ ਟੀਚੇ ਨੂੰ ਪੂਰਾ ਕਰਨ ਲਈ ਸਹੀ ਉਮੀਦਵਾਰ ਦੀ ਚੋਣ ਕਰਨਾ ਯੋਗ ਵੋਟਰਾਂ ਦਾ ਫਰਜ਼ ਹੈ। ਜ਼ਿਲ੍ਹਾ ਯੁਵਾ ਅਧਿਕਾਰੀ (ਜਲੰਧਰ), ਸ੍ਰੀਮਤੀ ਨੇਹਾ ਸ਼ਰਮਾ ਨੇ ‘ਮਾਈ ਭਾਰਤ‘ ਪੋਰਟਲ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਐਨ.ਐਸ.ਐਸ. ਦੇ ਮੁੱਖ ਪ੍ਰੋਗਰਾਮ ਅਧਿਕਾਰੀ ਪ੍ਰੋ. ਸਤਪਾਲ ਸਿੰਘ ਨੇ ਪ੍ਰੋਗਰਾਮ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਦੱਸਿਆ; ਇਸ ਦੌਰਾਨ ਰਾਸ਼ਟਰੀ ਏਕਤਾ ਸਬੰਧੀ ਸਹੁੰ ਵੀ ਚੁੱਕੀ ਗਈ। ਉਨ੍ਹਾਂ ਦੱਸਿਆ ਕਿ ਕਾਲਜ ਦੇ 27 ਐਨ.ਐਸ.ਐਸ. ਵਲੰਟੀਅਰਾਂ ਨੇ ਗੁਜਰਾਤ ਦੇ ਏਕਤਾ ਨਗਰ ਵਿਖੇ ਹੋਈ ‘ਰਾਸ਼ਟਰੀ ਏਕਤਾ ਪਰੇਡ‘ ਵਿੱਚ ਹਿੱਸਾ ਲਿਆ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਤਿੰਨ ਝਾਕੀਆਂ ਵਿੱਚ ਪੇਸਕਾਰੀਆਂ ਦਿੱਤੀਆਂ। ਇਸ ਤੋਂ ਬਾਅਦ, ਯੁਵਾ ਮਾਮਲਿਆਂ ਦੇ ਮੰਤਰਾਲੇ ਦੁਆਰਾ ਨਾਮਜ਼ਦ ‘ਯੂਥ ਆਈਕਨ‘ ਮਿਸ ਸਾਕਸ਼ੀ ਸ਼ਰਮਾ ਨੇ ‘ਆਪਣੀ ਵੋਟ ਨੂੰ ਜਾਣੋ‘ ਵਿਸ਼ੇ ‘ਤੇ ਇੱਕ ਵਿਸਤ੍ਰਿਤ ਪੇਸ਼ਕਾਰੀ (PPT) ਦਿੱਤੀ। ਉਨ੍ਹਾਂ ਨੇ ਵੋਟ ਦੀ ਮਹੱਤਤਾ, ਵੋਟਰ ਕਾਰਡ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਭਾਰਤੀ ਚੋਣ ਕਮਿਸ਼ਨ (ECI) ਦੀ ਐਪ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ, ਐਨ.ਐਸ.ਐਸ. ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਵੋਟਰ ਜਾਗਰੂਕਤਾ ਦੇ ਮੁੱਦੇ ‘ਤੇ ‘ਯੂਥ ਆਈਕਨ‘ ਨਾਲ ਸਵਾਲ ਜਵਾਬ ਕੀਤੇ। ਬਾਅਦ ਵਿੱਚ, ਗੁਜਰਾਤ ਵਿਖੇ ਰਾਸ਼ਟਰੀ ਏਕਤਾ ਪਰੇਡ ਵਿੱਚ ਹਿੱਸਾ ਲੈਣ ਵਾਲੇ ਐਨ.ਐਸ.ਐਸ. ਵਲੰਟੀਅਰਾਂ ਨੂੰ ਮੰਚ ‘ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧਨ ਡਾ. ਰੰਜੂ ਮਹਾਜਨ, ਡਾ. ਹਰਸ਼ਵੀਰ ਅਰੋੜਾ, ਡਾ. ਨਵਨੀਤ ਕੌਰ ਅਤੇ ਸ੍ਰੀ ਕੁਲਵਿੰਦਰ ਕੁਮਾਰ ਦੁਆਰਾ ਕੀਤਾ ਗਿਆ।



