SliderUncategorizedपंजाब

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਅੰਮ੍ਰਿਤਸਰ, 14 ਅਗਸਤ ( )- ਗੁਰੂ ਨਗਰੀ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਆਪ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਗੁਰਦਾ ਰੋਗ ਵਿਭਾਗ ਲਈ ਭੇਜੀਆਂ 48 ਡਾਇਲਸਿਸ ਕਿੱਟਾਂ ਅੱਜ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਸੌਂਪੀਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਗੁਰਦਾ ਰੋਗ ਵਿਭਾਗ ਨੂੰ ਲੋੜੀਂਦੀਆਂ ਇਹ ਡਾਇਲਸਿਸ ਕਿੱਟਾਂ ਸਬੰਧੀ ਪਿਛਲੇ ਦਿਨੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਉਬਰਾਏ ਤੱਕ ਇਹ ਮੰਗ ਪੁੱਜੀ ਸੀ ਕਿ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਆਰਥਿਕ ਪੱਖੋਂ ਪੱਛੜੇ ਪਰਿਵਾਰਾਂ ਦੇ ਮਰੀਜ਼ ਡਾਇਲਸਿਸ ਕਰਵਾਉਣ ਆਉਂਦੇ ਹਨ, ਜਿਨ੍ਹਾਂ ਦੇ ਹਸਪਤਾਲ ਪ੍ਰਬੰਧਨ ਦੁਆਰਾ ਮੁਫ਼ਤ ਡਾਇਲਸਿਸ ਕੀਤਾ ਜਾਂਦਾ ਹੈ। ਇਸ ਕਾਰਜ ਲਈ ਬਹੁਤ ਸਾਰੀਆਂ ਕਿੱਟਾਂ ਦੀ ਲੋੜ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਡਾ ਉਬਰਾਏ ਨੇ ਟਰੱਸਟ ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਰਾਹੀਂ ਇਹ 48 ਡਾਇਲਸਿਸ ਕਿੱਟਾਂ ਭਿਜਵਾਈਆਂ ਅਤੇ ਲੋੜ ਮੁਤਾਬਿਕ ਮਰੀਜ਼ਾਂ ਦੇ ਇਲਾਜ ਲਈ ਹੋਰ ਸਮਾਨ ਵੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਡਾ ਇੰਦਰਬੀਰ ਸਿੰਘ ਨਿੱਜਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਉਬਰਾਏ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ‘ਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰੀਤਵੀਨ ਕੌਰ ਅਤੇ ਡਾ ਰਜਨੀਸ਼ ਕੁਮਾਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਉਬਰਾਏ ਅਤੇ ਡਾ ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਆਯੂਸ਼ਮਾਨ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਪਰ ਅਕਸਰ ਉਹ ਮਰੀਜ਼ ਵੀ ਆਉਂਦੇ ਹਨ ਜੋ ਪੰਜਾਬ ਵਿੱਚ ਵੋਟਰ ਨਹੀਂ ਹਨ। ਅਜਿਹੇ ਮਰੀਜ਼ਾਂ ਲਈ ਮੁਫਤ ਡਾਇਲਸਿਸ ਕਿੱਟਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਸਿਵਲ ਅਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਲਈ ਮਿਲ਼ਦੀਆਂ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ‘ਤੇ ਟਰੱਸਟ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ, ਵਿੱਤ ਮੁੱਖੀ ਨਵਜੀਤ ਸਿੰਘ ਘਈ, ਜਗਦੇਵ ਸਿੰਘ ਛੀਨਾ, ਮਨਪ੍ਰੀਤ ਸਿੰਘ ਅੰਮ੍ਰਿਤਸਰ ਅਤੇ ਯੁਵਰਾਜ ਸਿੰਘ ਆਦਿ ਵੀ ਹਾਜਰ ਸਨ।

ਕੈਪਸ਼ਨ : ਵਿਧਾਇਕ ਡਾ ਇੰਦਰਬੀਰ ਸਿੰਘ ਨਿੱਜਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਸਿਵਲ ਹਸਪਤਾਲ ਅੰਮ੍ਰਿਤਸਰ ਨੂੰ ਕਿੱਟਾਂ ਸੌਂਪਦੇ ਹੋਏ।

Related Articles

Back to top button