ਜਲੰਧਰ (08.07. 2026) – ਲੰਗ ਕੇਅਰ ਫਾਊਂਡੇਸ਼ਨ ਵੱਲੋਂ ਆਪਣੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਅਤੇ ਡਾਕਟਰਜ਼ ਫਾਰ ਕਲੀਨ ਏਅਰ ਐਂਡ ਕਲਾਈਮੇਟ ਐਕਸ਼ਨ (DFCA) ਦੁਆਰਾ ਸਮਰਥਿਤ ਚੱਲ ਰਹੇ ਪ੍ਰੋਜੈਕਟ ਤਹਿਤ ਹਵਾ ਪ੍ਰਦੂਸ਼ਣ ਦੇ ਸਿਹਤ ਉੱਤੇ ਪ੍ਰਭਾਵਾਂ ਬਾਰੇ ਇੱਕ ਸਮਰੱਥਾ ਵਿਕਾਸ ਸੈਸ਼ਨ ਸਿਵਲ ਹਸਪਤਾਲ, ਜ਼ਿਲ੍ਹਾ ਜਲੰਧਰ, ਵਿਖੇ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਲੰਗ ਕੇਅਰ ਫਾਉਂਡੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਦਰਮਿਆਨ ਹਵਾ ਦੀ ਗੁਣਵੱਤਾ, ਜਨ ਸਿਹਤ ਅਤੇ ਟਿਕਾਊ ਫਸਲੀ ਅਵਸ਼ੇਸ਼ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹਸਤਾਖਰਿਤ ਐੱਮਓਯੂ (MoU) ਅਧੀਨ ਚਲਾਏ ਜਾ ਰਹੇ ਸਾਂਝੇ ਉਪਰਾਲਿਆਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਸਿਹਤ ਵਿਭਾਗ, ਜਲੰਧਰ ਦੇ ਸਹਿਯੋਗ ਨਾਲ ਸਿਵਲ ਸਰਜਨ ਡਾ. ਰਾਜੇਸ਼ ਗਰਗ ਅਤੇ ਸਹਾਇਕ ਸਿਵਲ ਸਰਜਨ, ਡਾ. ਜੋਤੀ ਫੋਕੇਲਾ ਦੀ ਰਹਿਨੁਮਾਈ ਹੇਠ ਹਵਾ ਪ੍ਰਦੂਸ਼ਣ ਅਤੇ ਸਿਹਤ ਨਾਲ ਸੰਬੰਧਿਤ ਸਿੱਖਿਆਤਮਕ ਜਾਗਰੂਕਤਾ ਪੋਸਟਰ ਰੀਲੀਜ਼ ਕੀਤਾ ਗਿਆ, ਤਾਂ ਜੋ ਭਵਿੱਖ ਵਿੱਚ ਜਾਗਰੂਕਤਾ ਅਤੇ ਆਊਟਰੀਚ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ। ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਦੱਸਿਆ ਗਿਆ ਕਿ ਹਵਾ ਪ੍ਰਦੂਸ਼ਣ ਦੇ ਸਿਹਤ ਉੱਤੇ ਪ੍ਰਭਾਵਾਂ ਬਾਰੇ ਸਮਰੱਥਾ ਵਿਕਾਸ ਸੈਸ਼ਨ ਜਲੰਧਰ ਜ਼ਿਲ੍ਹੇ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਲੰਗ ਕੇਅਰ ਫਾਊਂਡੇਸ਼ਨ ਵੱਲੋਂ ਜਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਵੀ ਆਯੋਜਿਤ ਕੀਤੇ ਜਾਣਗੇ।

ਸਿਵਲ ਹਸਪਤਾਲ ਜਲੰਧਰ ਵਿਖੇ ਆਯੋਜਿਤ ਸਮਰਥਾ ਵਿਕਾਸ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਲੰਗ ਕੇਅਰ ਫਾਉਂਡੇਸ਼ਨ ਵੱਲੋਂ ਸ਼੍ਰੀਮਤੀ ਰਿਤਵਿਕਾ ਮਮਾਇਆ, ਡਿਪਟੀ ਮੈਨੇਜਰ ਅਤੇ ਡਾ. ਸੋਨਾਲੀ ਵੋਹਰਾ, ਸਟੇਟ ਕੋਆਰਡੀਨੇਟਰ, ਪੰਜਾਬ, ਨੇ ਰੋਜ਼ਾਨਾ ਸਿਹਤ ਸੇਵਾਵਾਂ ਵਿੱਚ ਹਵਾ ਪ੍ਰਦੂਸ਼ਣ ਬਾਰੇ ਜਾਗਰੂਕਤਾ ਨੂੰ ਸ਼ਾਮਲ ਕਰਨ ਅਤੇ ਵਾਤਾਵਰਣਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਿਹਤ ਖੇਤਰ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਸੈਸ਼ਨ ਆਯੋਜਿਤ ਕਰਨ ਦਾ ਮੁੱਖ ਮੰਤਵ ਵਾਤਾਵਰਣਕ ਸਿਹਤ ਬਾਰੇ ਜਾਗਰੂਕਤਾ ਨੂੰ ਮਜ਼ਬੂਤ ਕਰਨਾ ਅਤੇ ਸਾਫ਼ ਹਵਾ ਅਤੇ ਸਿਹਤਮੰਦ ਸਮੁਦਾਇਆਂ ਲਈ ਜਾਣਕਾਰੀ-ਅਧਾਰਿਤ ਸਮੁਦਾਇਕ ਕਾਰਵਾਈ ਨੂੰ ਉਤਸ਼ਾਹਿਤ ਕਰਨਾ ਹੈ। ਸੈਸ਼ਨ ਦੌਰਾਨ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਦੀ ਸਥਿਤੀ, ਸਾਹ ਸੰਬੰਧੀ ਅਤੇ ਦਿਲ ਦੀਆਂ ਬਿਮਾਰੀਆਂ ਉੱਤੇ ਇਸਦੇ ਪ੍ਰਭਾਵ, ਸੰਵੇਦਨਸ਼ੀਲ ਆਬਾਦੀ ਸਮੂਹ, ਜੋਖਮ ਸੰਚਾਰ ਅਤੇ ਰੋਕਥਾਮੀ ਕਾਰਵਾਈਆਂ ਅਤੇ ਸਮੁਦਾਇਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਸਿਹਤ ਕਰਮਚਾਰੀਆਂ ਦੀ ਭੂਮਿਕਾ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਸਮਰਥਾ ਵਿਕਾਸ ਸੈਸ਼ਨ ਵਿੱਚ ਲਗਭਗ 56 ਭਾਗੀਦਾਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਐੱਮਬੀਬੀਐੱਸ ਇੰਟਰਨਸ, ਨਰਸਿੰਗ ਟੀਚਰਜ਼ ਨਰਸਿੰਗ ਵਿਦਿਆਰਥਣਾਂ ਅਤੇ ਹੋਰ ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀ ਸ਼ਾਮਲ ਸਨ।