
ਜਲੰਧਰ, 8 ਜੁਲਾਈ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਵਿਸ਼ੇਸ਼ ਦਸਤਾਵੇਜ਼ੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਪ੍ਰੋਗਰਾਮ ਤਹਿਤ ਮੰਗਲਵਾਰ ਸ਼ਾਮ ਵਿਸ਼ੇਸ਼ ਡਾਕੂਮੈਂਟਰੀ ਵੈਨਾਂ ਕਰਤਾਰਪੁਰ ਦੇ ਸ੍ਰੀ ਗੁਰੂ ਰਵਿਦਾਸ ਮੰਦਿਰ ਅਤੇ ਨਕੋਦਰ ਦੇ ਪਿੰਡ ਆਧੀ ਪਹੁੰਚੀਆਂ, ਜਿੱਥੇ ਵੈਨ ‘ਤੇ ਲਗਾਈ ਗਈ ਵਿਸ਼ਾਲ ਐਲ.ਈ.ਡੀ. ਸਕਰੀਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫ਼ਲਸਫੇ, ਸਿੱਖਿਆਵਾਂ, ਸਮਾਜਿਕ ਸੁਧਾਰਾਂ ਅਤੇ ਮਨੁੱਖੀ ਬਰਾਬਰੀ ਲਈ ਪਾਏ ਗਏ ਬਹੁਮੁੱਲੇ ਯੋਗਦਾਨ ਬਾਰੇ ਦਸਤਾਵੇਜ਼ੀ ਫਿਲਮ ਦਿਖਾਈ ਗਈ।
ਇਸ ਮੌਕੇ ਵੱਡੀ ਗਿਣਤੀ ਇਕੱਤਰ ਹੋਈ ਸੰਗਤ ਨੇ ਦਸਤਾਵੇਜ਼ੀ ਫਿਲਮ ਦੌਰਾਨ ਬਹੁਤ ਹੀ ਸ਼ਰਧਾ ਨਾਲ ਗੁਰੂ ਜੀ ਦੇ ਜੀਵਨ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ, ਉਨ੍ਹਾਂ ਦੇ ਆਦਰਸ਼ਾਂ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਗਏ ਸੰਦੇਸ਼ਾਂ ਨੂੰ ਧਿਆਨ ਨਾਲ ਦੇਖਿਆ ਅਤੇ ਸੁਣਿਆ।
ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਅਤੇ ਹਲਕਾ ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ ਨੇ ਲੋਕਾਂ ਨੂੰ ਡਾਕੂਮੈਂਟਰੀ ਦੇਖਣ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦਾ ਸੱਦਾ ਦਿੱਤਾ।
ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮਾਨਤਾ, ਮਨੁੱਖਤਾ, ਸੇਵਾ, ਮਿਹਨਤ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ, ਜੋ ਅਜੋਕੇ ਸਮੇਂ ਵਿੱਚ ਵੀ ਬਹੁਤ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਵਿਚਾਰਾਂ ਅਤੇ ਸਿੱਖਿਆਵਾਂ ਨੂੰ ਆਮ ਲੋਕਾਂ, ਖ਼ਾਸ ਕਰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਵੈਨ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇਗੀ ਅਤੇ ਰੋਜ਼ਾਨਾ 2 ਪਿੰਡਾਂ ਵਿੱਚ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਦਸਤਾਵੇਜ਼ੀ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਾਨ ਅਧਿਆਤਮਿਕ ਅਤੇ ਸਮਾਜਿਕ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਚਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਹਲਕਾ ਵਿਧਾਇਕ ਨਕੋਦਰ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਰਬ ਸਾਂਝੀਵਾਲਤਾ, ਸਮਾਨਤਾ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਦਿੱਤਾ ਹੈ, ਜਿਸ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨਾਲ ਜੋੜੇਗਾ ਅਤੇ ਸਮਾਨਤਾਵਾਦੀ ਸਮਾਜ ਲਈ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗਾ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਡਾਕੂਮੈਂਟਰੀ ਵੈਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵੈਨ ਰੋਜ਼ਾਨਾ ਦੋ ਪਿੰਡਾਂ ਵਿਚ ਸ਼ਾਮ ਦੇ ਸਮੇਂ ਪਹੁੰਚੇਗੀ ਅਤੇ ਸੰਗਤਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਸਿਖਿਆਵਾਂ ’ਤੇ ਆਧਾਰਤ ਡਾਕੂਮੈਂਟਰੀ ਦਿਖਾਇਆ ਕਰੇਗੀ। ਉਨ੍ਹਾਂ ਲੋਕਾਂ ਨੂੰ ਇਸ ਪ੍ਰੇਰਨਾਦਾਇਕ ਡਾਕੂਮੈਂਟਰੀ ਨੂੰ ਵੱਧ ਤੋਂ ਵੱਧ ਦੇਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਆਪਸੀ ਪ੍ਰੇਮ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੋਣਗੇ।
ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਡਾਕੂਮੈਂਟਰੀ ਦੇ ਪ੍ਰਦਰਸ਼ਨ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਦੇ ਧਰਮਪਤਨੀ ਸ਼੍ਰੀਮਤੀ ਹਰਪ੍ਰੀਤ ਕੌਰ ਵੀ ਮੌਜੂਦ ਸਨ।
——