ਜਲੰਧਰ (07.05.2026) – ਸਿਵਲ ਸਰਜਨ ਡਾ. ਰਾਜੇਸ਼ ਗਰਗ ਜੀ ਦੀ ਅਗਵਾਈ ਹੇਠ ਸਿਹਤ ਵਿਭਾਗ ਜਲੰਧਰ ਵੱਲੋਂ ਜਿਲ੍ਹਾ ਹਸਪਤਾਲਾਂ ਅਤੇ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਫਾਈਰ ਸੇਫਟੀ ਵੀਕ (ਅੱਗ ਤੋਂ ਸੁਰੱਖਿਆ ਸਬੰਧੀ ਜਾਗਰੂਕਤਾ ਹਫ਼ਤਾ) ਮਨਾਇਆ ਜਾ ਰਿਹਾ ਹੈ। ਇਸਦੇ ਮੱਦੇਨਜਰ ਵੀਰਵਾਰ ਨੂੰ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਦੀ ਦੇਖਰੇਖ ਹੇਠ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਵਿਖੇ ਮੌਕ ਡਰਿੱਲ ਚਲਾਈ ਗਈ। ਇਸਦੇ ਨਾਲ ਹੀ ਵੱਖ-ਵੱਖ ਨਰਸਿੰਗ ਕਾਲਜਾਂ ਦੀਆਂ ਨਰਸਿੰਗ ਵਿਦਿਆਰਥਣਾਂ ਵਿੱਚ ਪੋਸਟਰ ਮੇਕਿੰਗ ਕੰਪੀਟਿਸ਼ਨ ਵੀ ਕਰਵਾਏ ਗਏ। ਸਿਹਤ ਵਿਭਾਗ ਵੱਲੋਂ ਇਹ ਕੰਪੀਟਿਸ਼ਨ ਅੱਗ ਤੋਂ ਸੁਰੱਖਿਆ ਸੰਬੰਧੀ ਜਾਗਰੂਕਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਕਰਵਾਇਆ ਗਿਆ। ਇਸ ਦੌਰਾਨ ਨਰਸਿੰਗ ਵਿਦਿਆਰਥਣਾਂ ਵੱਲੋਂ ਬਣਾਏ ਗਏ ਪੋਸਟਰਾਂ ਨੂੰ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਡਿਸਪਲੇ ਕੀਤਾ ਗਿਆ।

ਅੱਗ ਤੋਂ ਸੁਰੱਖਿਆ ਹਫ਼ਤੇ ਦੇ ਦੌਰਾਨ, ਫਾਇਰ ਬ੍ਰਿਗੇਡ ਅਫ਼ਸਰ ਅਵਨੀਸ਼ ਅਤੇ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਸੁਰੱਖਿਆ ਮਾਹਿਰਾਂ ਦੁਆਰਾ ਹਸਪਤਾਲ ਅਤੇ ਦਫ਼ਤਰਾਂ ਵਿੱਚ ਮੌਕ ਡਰਿੱਲ ਚਲਾਈ ਗਈ। ਇਸ ਦੌਰਾਨ ਮੌਜੂਦ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਬਾਰੇ ਅਤੇ ਜਾਨ-ਮਾਲ ਦਾ ਨੁਕਸਾਨ ਨਾ ਹੋਵੇ ਪ੍ਰਤੀ ਸੁਰੱਖਿਆ, ਮੌਕ ਡਰਿੱਲ ਦੇ ਮੁੱਖ ਨੁਕਤੇ, ਐਮਰਜੈਂਸੀ ਅਲਾਰਮ ਅਤੇ ਨਿਕਾਸੀ, ਸਾਇਰਨ ਵੱਜਦੇ ਹੀ ਸਾਰਿਆਂ ਨੂੰ ਸ਼ਾਂਤੀ ਨਾਲ ਫਾਇਰ ਐਗਜ਼ਿਟ ਰਾਹੀਂ ਬਾਹਰ ਜਾਣ ਦੇ ਸੁਰੱਖਿਅਤ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ।

ਪੋਸਟਰ ਮੇਕਿੰਗ ਕੰਪੀਟਿਸ਼ਨ ਦੌਰਾਨ ਪਹਿਲਾ ਇਨਾਮ ਗੁਰੂ ਨਾਨਕ ਨਰਸਿੰਗ ਟ੍ਰੇਨਿੰਗ ਇੰਨਸਟੀਚਿਊਟ ਦੀਆਂ ਵਿਦਿਆਰਥਣਾਂ ਰਾਜਦੀਪ ਕੌਰ, ਵਯਸ੍ਰੀ ਅਤੇ ਭਰਤ ਨਰਸਿੰਗ ਕਾਲੇਜ ਦੀ ਵਿਦਿਆਰਥਣ ਅਸਮਿਕ ਪ੍ਰੀਤ ਕੌਰ ਨੇ ਹਾਸਿਲ ਕੀਤਾ। ਐਲ.ਐਲ.ਆਰ. ਕਾਲਜ ਦੀ ਵਿਦਿਆਰਥਣ ਸ਼ਿਲਪਾ ਭਨੋਟ, ਭਰਤ ਨਰਸਿੰਗ ਕਾਲਜ ਤੋਂ ਸੰਦੀਪ ਕੌਰ, ਜਾਨਵੀ ਸੈਣੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਵਿਦਿਆਰਥਣਾਂ ਨੂੰ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਐਸ.ਐਮ.ਓ. ਗਾਇਨੀ ਡਾ. ਵਰਿੰਦਰ ਕੌਰ ਥਿੰਦ, ਡਾ. ਹਰਵੀਨ ਕੌਰ, ਏ.ਐਚ.ਏ. ਡਾ. ਨੇਹਾ ਅਤੇ ਮੈਟਰਨ ਜਸਵੀਰ ਕੌਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।