ਮਸਤੂਆਣਾ ਸਾਹਿਬ,:
ਅੱਜ ਗੁਰ ਸਾਗਰ ਮਸਤੂਆਣਾ ਸਾਹਿਬ ਵਿੱਚ ਨਾਭਾ ਰਿਆਸਤ ਦੇ ਪ੍ਰਸਿੱਧ ਸ਼ਾਸਕ ਮਹਾਰਾਜਾ ਰਿਪੂਦਮਨ ਸਿੰਘ ਜੀ ਦੀ 83ਵੀਂ ਬਰਸੀ ਸ਼ਰਧਾਂ ਨਾਲ ਮਨਾਈ ਗਈ। ਸਮਾਗਮ ਦੀਆਂ ਰਸਮਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਸੰਪੰਨ ਹੋਈਆਂ।
ਇਸ ਮੌਕੇ ਨਾਭਾ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਮਹਾਰਾਣੀ ਪ੍ਰੀਤੀ ਸਿੰਘ ਅਤੇ ਉਹਨਾਂ ਦੇ ਨਾਲ਼ ਮਹਾਰਾਣੀਰਮਤ ਉਮਾ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਦੋਵਾਂ ਸ਼ਖਸੀਅਤਾਂ ਦਾ ਸੰਗਤਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਮਹਾਰਾਣੀ ਪ੍ਰੀਤੀ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਪਤਵੰਤਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।
ਸ੍ਰੀ ਖਹਿਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਰਿਪੂਦਮਨ ਸਿੰਘ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ, ਜਿਸਨੂੰ ਸਦਾ ਯਾਦ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਵੱਲੋਂ ਸਥਾਪਿਤ ਗੁਰਦੂਆਰਾ ਸਾਹਿਬ ਅਤੇ ਵਿੱਦਿਅਕ ਸੰਸਥਾਵਾਂ ਲਈ ਜਿੱਥੇ ਮਹਾਰਾਜਾ ਰਿਪੂਦਮਨ ਸਿੰਘ ਨੇ ਬਹੁਤ ਸਾਰੀ ਏਕੜ ਜ਼ਮੀਨ ਦਾਨ ਵਜੋਂ ਦਿੱਤੀ ਗਈ ਉੱਥੇ ਹੀ ਕਾਲਜ ਦੀ ਉਸਾਰੀ ਲਈ ਨਗਦ ਸਹਾਇਤਾ ਵੀ ਕੀਤੀ, ਜਿਸ ਸਦਕਾ ਅੱਜ ਵਿਦਿਅਕ ਅਦਾਰੇ ਚੱਲ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸਿੱਖਿਆ ਹਾਸਲ ਕਰ ਰਹੇ ਹਨ।
ਸ੍ਰੀ ਖਹਿਰਾ ਨੇ ਇਹ ਵੀ ਰੋਸ਼ਨੀ ਪਾਈ ਕਿ ਮਹਾਰਾਜਾ ਰਿਪੂਦਮਨ ਸਿੰਘ ਜੀ ਸਿੱਖੀ ਨਾਲ ਇਸ ਕਦਰ ਜੁੜੇ ਹੋਏ ਸਨ ਕਿ ਉਹਨਾਂ ਨੇ ਆਪਣੀ ਤਾਜਪੋਸ਼ੀ ਬ੍ਰਿਟਿਸ਼ ਵਾਇਸਰਾਇ ਦੇ ਸਥਾਨ ‘ਤੇ ਸੰਤ ਅਤਰ ਸਿੰਘ ਜੀ ਮਹਾਰਾਜ ਤੋਂ ਕਰਵਾਈ।
ਸਮਾਗਮ ਨੂੰ ਸੰਬੋਧਤ ਕਰਦਿਆਂ ਮਹਾਰਾਣੀ ਪ੍ਰੀਤੀ ਸਿੰਘ ਨੇ ਗੁਰਸਾਗਰ ਮਸਤੂਆਣਾ ਸਾਹਿਬ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਏਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਲੋਕ ਮਹਾਰਾਜਾ ਰਿਪੂਦਮਨ ਸਿੰਘ ਜੀ ਦੇ ਪਰਉਪਕਾਰੀ ਕਾਰਜਾਂ ਨੂੰ ਯਾਦ ਕਰਦੇ ਹਨ। ਉਹਨਾਂ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਰਹਿਣਗੇ। ਸਮਾਗਮ ਦੇ ਅੰਤ ਵਿੱਚ, ਗੁਰ ਸਾਗਰ ਮਸਤੂਆਣਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਅਕਾਲ ਕਾਲਜ ਕੌਂਸਲ ਵੱਲੋਂ ਮਹਾਰਾਣੀ ਪ੍ਰੀਤੀ ਸਿੰਘ ਅਤੇ ਮਹਾਰਾਣੀ ਉਮਾ ਜੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੀਨੀਅਰ ਕੌਂਸਲ ਮੈਂਬਰ ਜਿਨ੍ਹਾਂ ਵਿੱਚ ਸ੍ਰ. ਗਰੁਜੰਟ ਸਿੰਘ ਦੁੱਗਾਂ, ਸ੍ਰ. ਗਰੁਜੰਟ ਸਿੰਘ ਬਹਾਦਰਪੁਰ, ਸ੍ਰ. ਗਮਦੂਰ ਸਿੰਘ ਖਹਿਰਾ, ਸ੍ਰ. ਹਾਕਮ ਸਿੰਘ ਬਹਾਦਰਪੁਰ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਪਰਮਵੀਰ ਸਿੰਘ, ਡਾਇਰੈਕਟਰ ਡਾ. ਗੁਰਬੀਰ ਸਿੰਘ, ਡਾ. ਜਤਿੰਦਰ ਦੇਵ, ਡਾ. ਨਿਰਪਜੀਤ ਸਿੰਘ, ਪ੍ਰਿੰਸੀਪਲ ਵਿਜੈ ਪਲਾਹਾ, ਪ੍ਰਿੰਸੀਪਲ ਜਸਪਾਲ ਸਿੰਘ, ਪ੍ਰਿੰਸੀਪਲ ਡਾ. ਅਮਨਦੀਪ ਕੌਰ, ਪ੍ਰਿੰਸੀਪਲ ਡਾ. ਗੀਤਾ ਠਾਕੁਰ, ਪ੍ਰਿੰਸੀਪਲ ਡਾ. ਸੁਖਦੀਪ ਕੌਰ, ਸ੍ਰ. ਜੰਗ ਸਿੰਘ ਫੱਟੜ, ਡਾ. ਹਰਜਿੰਦਰ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਡਾ. ਜੋਗਿੰਦਰ ਸਿੰਘ ਅਤੇ ਵੱਖ-ਵੱਖ ਸੰਸਥਾਵਾਂ ਦਾ ਸਮੂਹ ਸਟਾਫ਼ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।