ਜਲੰਧਰ (17.12.2025) – ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲੰਧਰ ਨੇ ਈ-ਗਵਰਨੈਂਸ ਖੇਤਰ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਦਰਜ ਕਰਦਿਆਂ ਏ.ਡੀ.ਆਰ. ਰੈਂਕਿੰਗ ਵਿੱਚ ਜਿਲ੍ਹਾ ਜਲੰਧਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਅਤੇ ਈ-ਗਵਰਨੈਂਸ ਸੇਵਾਵਾਂ ਵਿੱਚ ਸਿਹਤ ਵਿਭਾਗ ਦੀ ਮਜਬੂਤ ਪਛਾਣ ਬਣੀ ਹੈ। 1 ਜਨਵਰੀ 2025 ਤੋਂ 12 ਦਸੰਬਰ 2025 ਤੱਕ ਦੇ ਅੰਕੜਿਆਂ ਅਨੁਸਾਰ, ਵਿਭਾਗ ਨੇ ਸਮੇਂ-ਸਿਰ ਅਰਜ਼ੀਆਂ ਦੀ ਨਿਪਟਾਰਾ ਦਰ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਦੀ ਇਸ ਉਪਲਬਧੀ ਵਿੱਚ ਸਹਾਇਕ ਸਿਵਲ ਸਰਜਨ ਤੇ ਅਡੀਸ਼ਨਲ ਡਿਸਟ੍ਰਿਕਟ ਰਜਿਸਟਰਾਰ (ਏ.ਡੀ.ਆਰ.) ਡਾ. ਜੋਤੀ ਫੋਕੇਲਾ ਦੀ ਯੋਗ ਅਗਵਾਈ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਦੀ ਦੇਖ-ਰੇਖ ਅਤੇ ਲਗਨ ਨਾਲ ਜਲੰਧਰ ਜ਼ਿਲ੍ਹੇ ਨੇ ਏ.ਡੀ.ਆਰ. ਰੈਂਕਿੰਗ ਵਿੱਚ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਅਧੀਨ ਕੁੱਲ 23,838 ਅਰਜ਼ੀਆਂ ਪ੍ਰਕਿਰਿਆ ਵਿੱਚ ਆਈਆਂ, ਜਿਨ੍ਹਾਂ ਵਿੱਚੋਂ 21,933 ਅਰਜ਼ੀਆਂ ਸਮੇਂ-ਸਿਰ ਨਿਪਟਾਈਆਂ ਗਈਆਂ, ਜੋ ਕਿ 92 ਫੀਸਦੀ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ।
ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਜਲੰਧਰ ਦੀ ਇਸ ਉਪਲਬਧੀ ਲਈ ਸਹਾਇਕ ਸਿਵਲ ਸਰਜਨ ਡਾ. ਜੋਤੀ ਫੋਕੇਲਾ ਅਤੇ ਉਨ੍ਹਾਂ ਦੀ ਟੀਮ ਦੀ ਲਗਨ ਅਤੇ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਈ-ਗਵਰਨੈਂਸ ਤਹਿਤ ਹਰ ਨਾਗਰਿਕ ਨੂੰ ਸਮੇਂ-ਸਿਰ, ਪਾਰਦਰਸ਼ੀ ਅਤੇ ਭਰੋਸੇਯੋਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਅਸੀਂ ਭਵਿੱਖ ਵਿੱਚ ਵੀ ਸੇਵਾ-ਮਿਆਰ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਾਂ।” ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲੰਧਰ ਦੀ ਇਹ ਉਪਲਬਧੀ ਨਾਗਰਿਕ-ਕੇਂਦਰਿਤ ਦ੍ਰਿਸ਼ਟੀਕੋਣ, ਡਿਜ਼ਿਟਲ ਪ੍ਰਬੰਧਨ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦੀ ਸਾਫ਼ ਝਲਕ ਹੈ। ਸਿਹਤ ਵਿਭਾਗ ਆਉਣ ਵਾਲੇ ਸਮੇਂ ਵਿੱਚ ਵੀ ਈ-ਗਵਰਨੈਂਸ ਅਧੀਨ ਲੋਕਾਂ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਂਦਾ ਰਹੇਗਾ।