ਕਰਤਾਰਪੁਰ,12 ਮਈ,
ਅੱਜ ਸਫ਼ਾਈ ਮਜ਼ਦੂਰ ਫੈਡਰੇਸ਼ਨ ਕਰਤਾਰਪੁਰ ਦੀ ਅਗਵਾਈ ਹੇਠ ਸਥਾਨਕ ਸਫ਼ਾਈ ਕਰਮਚਾਰੀ ਕੰਮ ਛੱਡ ਕੇ ਅਣਮਿੱਥੇ ਸਮੇਂ ਲਈ ਹੜਤਾਲ਼ ‘ਤੇ ਚਲੇ ਗਏ ਹਨ। ਹੜਤਾਲ ਕਰਨ ਉਪਰੰਤ ਸਫ਼ਾਈ ਮਜ਼ਦੂਰਾਂ ਵਲੋਂ ਕਮੇਟੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਹੜਤਾਲ ਵਿੱਚ ਸ਼ਾਮਲ ਹੋ ਕੇ ਹਮਾਇਤ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਿਊਸਿਪਲ ਮੁਲਾਜ਼ਮ ਐਕਸਨ ਕਮੇਟੀ ਪੰਜਾਬ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਸਫ਼ਾਈ ਮਜ਼ਦੂਰਾਂ ਅਤੇ ਮਿਉਂਸਪਲ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਪੰਜਾਬ ਭਰ ਵਿੱਚ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਪੰਜਾਬ ਭਰ ਵਿੱਚ 6 ਮਈ ਤੋਂ ਸਫ਼ਾਈ ਕਰਮਚਾਰੀ ਅਤੇ ਮਿਉਂਸਪਲ ਕਾਮੇ ਹੜਤਾਲ ਉੱਤੇ ਚਲੇ ਗਏ ਹਨ।
ਇਸ ਮੌਕੇ ਆਗੂਆਂ ਨੇ ਦੱਸਿਆ ਕੇ 7 ਦਿਨ ਤੋਂ ਪੰਜਾਬ ਭਰ ਦੇ ਨਿਗਮਾਂ,ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੇ ਅਧੀਨ ਸਫਾਈ ਸੇਵਕਾਂ ਅਤੇ ਹੋਰ ਕਾਮਿਆਂ ਨੇ ਮੁਕੰਮਲ ਹੜਤਾਲ ਕਰ ਦਿੱਤੀ ਹੈ, ਜੋ ਮੰਗਾਂ ਦੀ ਪੂਰਤੀ ਤਕ ਜਾਰੀ ਰਹੇਗੀ।
ਆਗੂਆਂ ਕਿਹਾ ਕਿ ਇਹ ਹੜਤਾਲ਼ ਸਾਡਾ ਕੋਈ ਸ਼ੌਕ ਨਹੀਂ ਮਜ਼ਬੂਰੀ ਹੈ। ਕਿਉਕਿ ਪੰਜਾਬ ਦਾ 90% ਮੁਲਾਜਮ ਕੱਚਾ ਹੈ ਤੇ ਮਾਤਰ 10 ਹਜ਼ਾਰ ਨਿਗੁਣੀ ਤਨਖਾਹ ਉੱਤੇ ਕੰਮ ਕਰ ਰਿਹਾ ਹੈ। ਮਹਿੰਗਾਈ ਕਰਕੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਅੱਜ ਤੋਂ ਲਗਭਗ ਸਾਢੇ 4 ਸਾਲ ਪਹਿਲਾਂ ਸੱਤਾ ਵਿਚ ਆਉਣ ਵਾਲੀ ਭਗਵੰਤ ਮਾਨ ਸਰਕਾਰ ਇਹਨਾਂ ਹੀ ਸਫ਼ਾਈ ਸੇਵਕਾ ਦਾ ਝਾੜੂ ਵਾਲਾ ਨਿਸ਼ਾਨ ਲੈ ਕੇ ਵੋਟਾਂ ਮੰਗ ਕੇ ਸੱਤਾ ਵਿਚ ਆਈ ਸੀ। ਉਸ ਵੇਲ਼ੇ ਮਾਨਯੋਗ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਵਿੱਚ ਕਿਸੇ ਨੂੰ ਵੀ ਧਰਨੇ , ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ,ਪਰ ਹੋ ਇਸ ਦੇ ਉਲਟ ਰਿਹਾ ਹੈ।
ਆਗੂਆਂ ਕਿਹਾ ਕੇ ਸਫ਼ਾਈ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਤੇ ਸਰਕਾਰੀ ਖ਼ਜ਼ਾਨੇ ਰਾਹੀਆਂ ਦਿੱਤੀਆਂ ਜਾਣ, ਘੱਟੋਂ ਘੱਟ ਉਜਰਤ 40000 ਪ੍ਰਤੀ ਮਹੀਨਾ ਕੀਤੀ ਜਾਵੇ, ਠੇਕੇਦਾਰੀ ਸਿਸਟਮ ਪੱਕੇ ਤੌਰ ‘ਤੇ ਬੰਦ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕੇ ਪੰਜਾਬ ਸਰਕਾਰ ਲੰਬੇ ਸਮੇ ਤੋਂ ਲਾਰੇ ਲਾ ਰਹੀ ਹੈ। ਮੀਟਿੰਗ ਦੇਕੇ ਮੁਕਰ ਜਾਂਦੀ। ਇਸ ਲਈ ਹੁਣ ਆਰ ਪਾਰ ਦੇ ਸੰਘਰਸ਼ ਦੀ ਅਸੀਂ ਤਿਆਰੀ ਕਰ ਲਈ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਜਲਦ ਨਾਂ ਮੰਨੀਆਂ ਗਈਆਂ ਤਾਂ ਪੰਜਾਬ ਸਰਕਾਰ ਸਿਆਸੀ ਨੁਕਸਾਨ ਝੱਲਣ ਲਈ ਤਿਆਰ ਰਹੇ।
ਇਸ ਮੌਕੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜ਼ਿਲ੍ਹਾ ਚੇਅਰਮੈਨ ਵਿਸ਼ਵਾਸ ਕੁਮਾਰ ਗਿੱਲ, ਜ਼ਿਲ੍ਹਾ ਸਹਾਇਕ ਅਸ਼ਵਨੀ ਕੁਮਾਰ ਸੱਭਰਵਾਲ, ਇਕਾਈ ਪ੍ਰਧਾਨ ਵਿਜੈ ਕੁਮਾਰ ਗਿੱਲ, ਮੀਤ ਪ੍ਰਧਾਨ ਸੰਜੂ ਸੱਭਰਵਾਲ, ਸਕੱਤਰ ਵਿਵੇਕ ਕੇਸਰ,ਸਾਗਰ ਘਈ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ ਅਤੇ ਬਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।

*ਕੈਪਸਨ: ਹੜਤਾਲ ਉਪਰੰਤ ਨਗਰ ਕੌਂਸਲ ਦਫ਼ਤਰ ਅੱਗੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਸਫ਼ਾਈ ਮਜ਼ਦੂਰ ਅਤੇ ਹੋਰ ਕਾਮੇ।*

ਜਾਰੀ ਕਰਤਾ,