
ਜਲੰਧਰ (27-05-2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਨੇ ਐਸ.ਐਮ.ਓਜ਼ ਵੱਲੋਂ ਬਲਾਕ ਪੱਧਰੀ ਸਿਹਤ ਸੇਵਾਵਾਂ ਸਬੰਧੀ ਕੰਮਕਾਜ ਦੀ ਪ੍ਰਗਤੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਬਲਾਕ ਪੱਧਰੀ ਪ੍ਰਗਤੀ ਰਿਪੋਰਟਾਂ ਨੂੰ ਵਾਚਿਆ ਗਿਆ ਅਤੇ ਉਨ੍ਹਾਂ ਦੀ ਸਮੀਖਿਆ ਕੀਤੀ ਗਈ।
ਸਿਵਲ ਸਰਜਨ ਨੇ ਹਦਾਇਤ ਦਿੰਦਿਆਂ ਕਿਹਾ ਕਿ ਜਿਲ੍ਹੇ ਵਿੱਚ ਚਲ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਅਤੇ ਸਿਹਤ ਪ੍ਰੋਗਰਾਮਾਂ ਦਾ ਲਾਭ ਲੋੜਵੰਦਾ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਸਮੂਹ ਐਸ.ਐਮ.ਓਜ਼ ਨੂੰ ਸਿਹਤ ਸੰਸਥਾਵਾਂ ‘ਚ ਸਫਾਈ ਵਿਵਸਥਾ ਨੂੰ ਦੁਰਸਤ ਰੱਖਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਸਿਹਤ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ, ਇਸ ਲਈ ਇਸ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ‘ਚ ਇਲਾਜ ਲਈ ਆਉਣ ਵਾਲੇ ਬਜੁਰਗਾਂ, ਗਰਭਵਤੀ ਔਰਤਾਂ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜਾਂ ਨਾਲ ਸਟਾਫ ਵੱਲੋਂ ਹਮਦਰਦੀ ਭਰਿਆ ਵਤੀਰਾ ਅਪਣਾਉਂਦੇ ਹੋਏ ਪਹਿਲ ਦੇ ਆਧਾਰ ‘ਤੇ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇ।
ਸਿਵਲ ਸਰਜਨ ਨੇ ਸਮੂਹ ਐਸ.ਐਮ.ਓਜ਼. ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਵੈਕਸੀਨੇਸ਼ਨ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਯੋਗ ਉਪਰਾਲੇ ਕਰਣ ਅਤੇ 100 ਫੀਸਦੀ ਟੀਕਾਕਰਨ ਕਰਨਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦਾ ਮੁਕੰਮਲ ਐਂਟੀਨੇਟਲ ਚੈਕਅਪ ਅਤੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਗੰਭੀਰਤਾ ਨਾਲ ਫਾਲੋਅਪ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਣੇਪੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਜੱਚਾ-ਬੱਚਾ ਨੂੰ ਪਹੁੰਚਾਉਣੀਆਂ ਸਾਡੀ ਜਿੰਮੇਵਾਰੀ ਹੈ, ਜਿਸ ਨੂੰ ਵਚਨਬੱਧ ਤਰੀਕੇ ਨਾਲ ਨਿਭਾਇਆ ਜਾਵੇ। ਉਨ੍ਹਾਂ ਨੇ ਸਮੂਹ ਐਸ.ਐਮ.ਓਜ਼ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਮੇਂ ਸਿਰ ਹਾਜਿਰੀ ਯਕੀਨੀ ਬਣਾਉਣ ਲਈ ਕਿਹਾ ਅਤੇ ਸਿਹਤ ਸੇਵਾਵਾਂ ਸਬੰਧੀ ਕੰਮਕਾਜ ਦੀ ਸੁਪਰਵਿਜ਼ਨ ਕਰਨਾ ਵੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਵਲੋਂ ਸਮੂਹ ਐਸ.ਐਮ.ਓ. ਨੂੰ ਹਦਾਇਤ ਕੀਤੀ ਕਿ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਲੋਕਾਂ ਨੂੰ ਜੱਚਾ-ਬੱਚਾ ਸੇਵਾਵਾਂ ਦਾ ਲਾਭ ਦਿੰਦੇ ਹੋਏ ਹਰੇਕ ਗਰਭਵਤੀ ਔਰਤ ਦਾ ਫਰੀ ਸੰਸਥਾਗਤ ਜਣੇਪਾ, ਟੈਸਟ, ਮੁਫਤ ਦਵਾਈਆਂ ਅਤੇ 108 ਐਂਬੂਲੈਂਸ ਸੇਵਾ ਦਾ ਲਾਭ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਖੇਤਰ ਅਧੀਨ ਆਉਦੀ ਹਰੇਕ ਹਾਈ ਰਿਸਕ ਗਰਭਵਤੀ ਔਰਤ ਦਾ ਮਾਹਿਰ ਡਾਕਟਰ ਦੁਆਰਾ ਹਦਾਇਤਾਂ ਮੁਤਾਬਕ ਏ.ਐਨ.ਸੀ.(ਐਂਟੀਨੇਟਲ) ਚੈੱਕਅਪ ਕਰਵਾਇਆ ਜਾਵੇ।