
ਜਲੰਧਰ (27-05-2026) ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤਹਿਤ “ਵਿਸ਼ਵ ਮਾਹਵਾਰੀ ਸਫਾਈ ਦਿਵਸ” ਸੰਬੰਧੀ ਸਰਕਾਰੀ ਮਾਡਲ ਸੀਨੀਅਰ ਸੈਕੇਂਡਰੀ ਸਕੂਲ, ਪੀਏਪੀ ਕੈਂਪਸ ਵਿਖੇ ਜਾਗਰੂਕਤਾ ਸੈਮੀਨਰ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਮਾਹਵਾਰੀ ਸਫਾਈ ਦਿਵਸ ਦਾ ਮਕਸਦ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦੇ ਮਹੱਤਵ ਨੂੰ ਸਮਝਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਆਰ.ਬੀ.ਐਸ.ਕੇ. ਟੀਮਾਂ ਵੱਲੋਂ ਵੀ ਜਿਲ੍ਹੇ ਭਰ ਵਿੱਚ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ।
ਸਰਕਾਰੀ ਮਾਡਲ ਸੀਨੀਅਰ ਸੈਕੇਂਡਰੀ ਸਕੂਲ, ਪੀਏਪੀ ਕੈਂਪਸ ਵਿਖੇ ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਏਐਮਓ ਡਾ. ਮੋਨੀਕਾ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੀਆਂ ਲੱਖਾਂ ਔਰਤਾਂ ਮੈਨਸਟੂਰਅਲ ਹਾਈਜੀਨ ਹੈਲਥ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਤੋਂ ਅਜੇ ਵੀ ਅਨਜਾਣ ਹਨ ਅਤੇ ਉਨ੍ਹਾ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਮਾਮੂਲੀ ਜਿਹੀ ਲਾਪਰਵਾਹੀ ਉਨ੍ਹਾਂ ਲਈ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਯੋਨੀ ਦੀ ਲਾਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦਾ ਅਸਰ ਨਾ ਸਿਰਫ ਔਰਤਾਂ ਨੂੰ ਸਰੀਰਕ ਤੌਰ `ਤੇ ਸਗੋਂ ਮਾਨਸਿਕ ਤੌਰ `ਤੇ ਵੀ ਲੰਬੀ ਉਮਰ ਤੱਕ ਪ੍ਰਭਾਵਿਤ ਕਰ ਸਕਦਾ ਹੈ।
ਡਾ. ਮੋਨੀਕਾ ਨੇ ਕਿਹਾ ਕਿ ਸਮਾਜ ਵਿੱਚ ਅਜੇ ਵੀ ਬਹੁਤ ਔਰਤਾਂ ਮਾਹਵਾਰੀ `ਤੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ ਕਿ ਪੀਰੀਅਡਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਮਾਹਵਾਰੀ ਸਬੰਧੀ ਸਮਾਜ ਵਿੱਚ ਫੈਲੇ ਵਹਿਮਾਂ-ਭਰਮਾ ਤੋਂ ਦੂਰ ਰਹਿਣ ਸੰਬੰਧੀ ਸਿਹਤ ਸਿੱਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦਾ ਧਿਆਨ ਰੱਖਣ ਲਈ ਲੋੜੀਂਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਉਹ ਅਨਜਾਣੇ ਵਿੱਚ ਕਿਸੇ ਵੀ ਮਾਰੂ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਉਨ੍ਹਾਂ ਨੇ ਮਾਹਵਾਰੀ ਚੱਕਰ ਨੂੰ ਵਿਸ਼ਥਾਰ ਪੂਰਵਕ ਦੱਸਣ ਦੇ ਨਾਲ-ਨਾਲ ਵਰਤੇ ਹੋਏ ਸੈਨਟਰੀ ਨੈਪਕਿਨ ਦਾ ਨਿਪਟਾਰਾ ਕਰਨ ਦਾ ਤਰੀਕਾ ਵੀ ਦੱਸਿਆ। ਪ੍ਰਿੰਸੀਪਲ ਮੈਡਮ ਸੁਨੀਤਾ ਮਿਨਹਾਸ ਨੇ ਕਿਹਾ ਕਿ ਸਕੂਲ ਦੀਆਂ ਵਿਦਿਆਰਥਣਾਂ ਨੂੰ ਹਰ ਮਹੀਨੇ 6 ਸੈਨੇਟਰੀ ਨੈਪਕੀਨ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਮਾਹਵਾਰੀ ਸਫਾਈ ਦਿਵਸ ਮੌਕੇ ਸਕੂਲ ਵਿੱਚ ਸੈਮੀਨਾਰ ਦੇ ਆਯੋਜਨ ਲਈ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਕੂਲ ਟੀਚਰ ਅਮਨਪ੍ਰੀਤ, ਰੀਬਿਕਾ, ਏਐਮਓ ਡਾ. ਦੇਵ, ਫਾਰਮਾਸਿਸਟ ਕਾਮਨਾ ਮੌਜੂਦ ਸਨ।