ਜਲੰਧਰ, 23 ਜੁਲਾਈ

ਭਾਰਤ ਸਰਕਾਰ ਦੇ ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲਾ ਦੇ ਰਾਸ਼ਟਰੀ ਅੰਕੜਾ ਦਫ਼ਤਰ ਦੇ ਖੇਤਰੀ ਦਫ਼ਤਰ ਜਲੰਧਰ ਵੱਲੋਂ ਇਨਕਾਰਪੋਰੇਟਿਡ ਸੇਵਾ ਖੇਤਰ ਦੇ ਉੱਦਮਾਂ ਦਾ ਸਾਲਾਨਾ ਸਰਵੇਖਣ (ਏ.ਐੱਸ.ਆਈ.ਐਸ.ਐੱਸ.ਈ.) ਸਬੰਧੀ ਇੱਕ ਕੈਂਪ ਦਾ ਆਯੋਜਨ ਆਪਣੇ ਖੇਤਰੀ ਦਫ਼ਤਰ, ਜਲੰਧਰ ਵਿਖੇ ਕੀਤਾ। ਇਸ ਕੈਂਪ ਵਿੱਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਜੀ.ਐੱਸ.ਟੀ.ਐੱਨ. ਡੇਟਾਬੇਸ ਅਧੀਨ ਰਜਿਸਟਰਡ ਉਦਯੋਗ ਖੇਤਰ ਦੇ ਨੁਮਾਇੰਦਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਸ਼੍ਰੀਮਤੀ ਪੱਲਵੀ ਅਗਰਵਾਲ ਸ਼੍ਰੀਵਾਸਤਵ, ਡਾਇਰੈਕਟਰ (ਆਈਐੱਸਐੱਸ) ਰਾਸ਼ਟਰੀ ਅੰਕੜਾ ਦਫ਼ਤਰ ਦੇ ਖੇਤਰੀ ਦਫ਼ਤਰ ਜਲੰਧਰ ਦੇ ਖੇਤਰੀ ਮੁਖੀ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਸ਼੍ਰੀਮਤੀ ਪੱਲਵੀ ਅਗਰਵਾਲ ਸ਼੍ਰੀਵਾਸਤਵ ਨੇ ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਨਕਾਰਪੋਰੇਟਿਡ ਸਰਵਿਸ ਸੈਕਟਰ ਲਈ ਡੇਟਾ ਇਕੱਠਾ ਕਰਨ ਵਾਸਤੇ ਅੱਜ ਵੱਖ-ਵੱਖ ਉਦਯੋਗ ਇਕਾਈਆਂ ਜੋ ਕਿ ਸਰਵਿਸ ਸੈਕਟਰ ਵਿੱਚ ਕੰਮ ਕਰ ਰਹੀਆਂ ਹਨ, ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਹੈ ਕਿ ਉਦਯੋਗ ਇਕਾਈਆਂ ਸਹੀ ਢੰਗ ਨਾਲ ਆਪਣਾ ਡੇਟਾ ਜਿਵੇਂ ਕਿ ਜੀ.ਵੀ.ਏ. (ਗ੍ਰਾਸ ਵੈਲਯੂ ਐਡਿਡ), ਉਤਪਾਦਨ, ਪੂੰਜੀ ਨਿਰਮਾਣ (ਕੈਪੀਟਲ ਫਾਰਮੇਸ਼ਨ) ਅਤੇ ਕਰਮਚਾਰੀਆਂ ਨਾਲ ਸਬੰਧਤ ਡੇਟਾ ਸਰਕਾਰ ਨੂੰ ਮੁਹੱਈਆ ਕਰਵਾ ਸਕਣ, ਕਿਉਂਕਿ ਇਸ ਸਬੰਧੀ ਪੋਰਟਲ ਵਿੱਚ ਇਕਾਈਆਂ ਨੂੰ ਆਪਣਾ ਡੇਟਾ ਬੈਲੇਂਸ ਸ਼ੀਟ ਦੇ ਮੁਤਾਬਕ ਖ਼ੁਦ ਭਰਨਾ ਚਾਹੀਦਾ ਹੈ ਤਾਂ ਜੋ ਉਹ ਇਸ ਦਾ ਵਰਗੀਕਰਨ ਬਹੁਤ ਚੰਗੀ ਤਰ੍ਹਾਂ ਕਰ ਸਕਣ।

ਸ਼੍ਰੀਮਤੀ ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਇਸ ਡੇਟਾ ਦੀ ਸਹਾਇਤਾ ਨਾਲ ਨਵੀਆਂ ਨੀਤੀਆਂ ਦਾ ਨਿਰਮਾਣ ਕਰ ਸਕਦੀ ਹੈ, ਜੋ ਕਿ ਸਾਡੇ ਕੰਮਕਾਜ ਵਿੱਚ ਸਹਾਇਕ ਹੋਣਗੀਆਂ ਅਤੇ ਦੇਸ਼ ਦੀ ਆਰਥਿਕ ਤਰੱਕੀ ਨੂੰ ਵੀ ਅੱਗੇ ਲੈ ਕੇ ਜਾਣਗੀਆਂ।

ਇਸ ਮੌਕੇ ਸ਼੍ਰੀ ਅਰੁਣ ਕੁਮਾਰ, ਸਹਾਇਕ ਡਾਇਰੈਕਟਰ (ਆਈਐੱਸਐੱਸ), ਸ਼੍ਰੀਮਤੀ ਹਰਸ਼ਾ ਚੱਢਾ, ਸਹਾਇਕ ਡਾਇਰੈਕਟਰ (ਆਈਐੱਸਐੱਸ) ਅਤੇ ਸ਼੍ਰੀ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ (ਆਈਐੱਸਐੱਸ) ਵੀ ਮੌਜੂਦ ਸਨ।
***