
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਸੈਸ਼ਨ ਦਾ ਸ਼ੁਭ ਆਰੰਭ ਪਵਿੱਤਰ ਹਵਨ ਕੁੰਡ ਵਿੱਚ ਸਟਾਫ ਅਤੇ ਵਿਦਿਆਰਥੀਆਂ ਵਲੋੰ ਆਹੁਤੀਆਂ ਪਾ ਕੇ ਵੈਦਿਕ ਮੰਤਰ ਉਚਾਰਣ ਨਾਲ ਕੀਤਾ ਗਿਆ। ਸ੍ਰੀ ਕੁੰਦਨ ਲਾਲ ਅਗਰਵਾਲ ਮੈਂਬਰ ਡੀ.ਏ.ਵੀ ਸੀ.ਐਮ.ਸੀ ਮੁੱਖ ਯਜਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਹਵਨ ਯੱਜ ਵਿੱਚ ਪ੍ਰਿੰਸੀਪਲ ਐਸ.ਕੇ.ਗੌਤਮ , ਪ੍ਰਿੰਸੀਪਲ ਮੈਡਮ ਕਵਲਜੀਤ ਕੌਰ , ਸ਼੍ਰੀ ਸੁਧੀਰ ਸ਼ਰਮਾ, ਲਲਿਤ ਸਿੰਗਲਾ ਅਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਨਵੇੰ ਦਾਖ਼ਲ ਹੋਏ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ। ਉਨ੍ਹਾਂ ਦੇ ਨਾਲ ਸਮੂਹ ਵਿਭਾਗ ਮੁਖੀ ਅਤੇ ਰਿਟਾਇਰਡ ਸਟਾਫ ਹਾਜ਼ਰ ਸੀ। ਇਹ ਸਮਾਗਮ ਮਹਾਤਮਾ ਆਨੰਦ ਸਵਾਮੀ ਆਡੀਟੋਰੀਅਮ ਦੀ ਬਿਲਡਿੰਗ ਵਿੱਚ ਕੀਤਾ ਗਿਆ, ਜੋ ਕਿ ਨਵੇਂ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਹਵਨ ਦੀ ਸੰਪੂਰਨ ਪ੍ਰਕਿਰਿਆ ਸਟਾਫ ਮੈਂਬਰ ਪ੍ਰਭੂ ਦਿਆਲ ਦੀ ਦੇਖ-ਰੇਖ ਵਿੱਚ ਹੋਈ। ਕਾਲਜ ਦੇ ਵਿਦਿਆਰਥੀਆਂ ਨੇ ਆਪ ਹੀ ਹਵਨ ਕੀਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਵਿਦਿਆਰਥੀ ਚੋਟੀ ਦਾ ਮੁਕਾਮ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਨਵੇਂ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਕਾਲਜ ਵਿੱਚ ਦਾਖਲਾ ਲੈ ਕੇ ਅੱਧੀ ਜੰਗ ਜਿੱਤ ਲਈ ਹੈ। ਵਿਦਿਆਰਥੀ ਨਿਮਰਤਾ, ਨਿਸ਼ਠਾ ਅਤੇ ਨਿਰੰਤਰਤਾ ਨਾਲ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ। ਮਾਪੇ, ਅਧਿਆਪਕ ਅਤੇ ਵਿਦਿਆਰਥੀਆਂ ਦੇ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਹੀ ਵਿਦਿਆਰਥੀ ਸਫਲਤਾ ਦੇ ਉੱਚ ਸ਼ਿਖਰ ‘ਤੇ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ. ਐਕਰੀਡੀਟੇਸ਼ਨ ਹਾਸਲ ਕਰਨ ਵਾਲਾ ਅਤੇ ਨੈਸ਼ਨਲ ਐਵਾਰਡ ਜਿੱਤਣ ਵਾਲਾ ਇਹ ਪੰਜਾਬ ਦਾ ਇਕਲੌਤਾ ਬਹੁਤਕਨੀਕੀ ਕਾਲਜ ਹੈ।
ਮੁਖ ਮਹਿਮਾਨ ਸ੍ਰੀ ਕੁੰਦਨ ਲਾਲ ਜੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਾਰੇ ਬੱਚਿਆਂ ਨੇ ਮਿਹਨਤ ਕਰਕੇ ਉੱਚ ਕੋਟੀ ਦੇ ਇੰਜੀਨੀਅਰ ਬਣਨਾ ਹੈ ਤੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨਾ ਹੈ। ਉਨ੍ਹਾਂ ਹਰ ਇੱਕ ਵਿਦਿਆਰਥੀ ਨੂੰ ਆਪਣਾ ਲਕਸ਼ ਨਿਰਧਾਰਤ ਕਰਨ ਲਈ ਕਿਹਾ। ਉਹਨਾਂ ਨੇ ਮਹਾਂਰਿਸ਼ੀ ਦਯਾਨੰਦ ਦੇ ਜੀਵਨ ਵਿਚੋਂ ਬਾਤਾਂ ਸੁਣਾਈਆਂ । ਉਹਨਾਂ ਸਟਾਫ ਅਤੇ ਵਿਦਿਆਰਥੀਆਂ ਨੂੰ ਨੈਸ਼ਨਲ ਐਵਾਰਡ ਮਿਲਣ ਲਈ ਵਧਾਈ ਦਿੱਤੀ।
ਇਸ ਮੌਕੇ ਕਾਲਜ ਦਾ ਨਵਾਂ ਪ੍ਰਾਸਪੈਕਟਸ ਮੁਖ ਯਜਮਾਨ ਸ਼੍ਰੀ ਕੁੰਦਨ ਲਾਲ ,ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਵਿਭਾਗ ਮੁਖੀਆਂ ਨੇ ਰਿਲੀਜ਼ ਕੀਤਾ, ਜਿਸ ਦੀ ਇੱਕ ਕਾਪੀ ਹਰ ਇੱਕ ਵਿਦਿਆਰਥੀ ਨੂੰ ਦਿੱਤੀ ਗਈ। ਸਾਲ 2024 ਲਈ ਬਿਹਤਰੀਨ ਕਾਰਗੁਜ਼ਾਰੀ ਕਰਨ ਵਾਲੇ ਵਿਭਾਗਾਂ ਆਟੋਮੋਬਾਇਲ, ਫਾਰਮੇਸੀ, ਇਲੈਕਟ੍ਰੀਕਲ ਅਤੇ ਸਿਵਲ ਦੇ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਮੂਹ ਵਿਦਿਆਰਥੀਆਂ ਨੂੰ ਕਾਲਜ ਕੈਂਪਸ ਦਾ ਰਾਊਂਡ ਲਗਵਾਇਆ ਗਿਆ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਆਟੋਮੋਬਾਇਲ ਤੇ ਫਾਰਮੇਸੀ ਵਿੱਚ ਸੀਟਾਂ ਫੁੱਲ ਹੋ ਗਈਆਂ ਹਨ ਤੇ ਸਿਰਫ਼ ਕੰਪਿਊਟਰ, ਇਲੈਕਟ੍ਰਾਨਿਕ ਅਤੇ ਲੈਟਰਲ ਐਂਟਰੀ ਦੀਆਂ ਕੁਝ ਸੀਟਾਂ ਬਾਕੀ ਹਨ। ਦਸਵੀਂ ਪਾਸ ਵਿਦਿਆਰਥੀ 14 ਅਗਸਤ ਤੱਕ ਇਨ੍ਹਾਂ ਵਿੱਚ ਐਡਮਿਸ਼ਨ ਲੈ ਕੇ ਆਪਣਾ ਕਰੀਅਰ ਸੰਵਾਰ ਸਕਦੇ ਹਨ।
ਅੰਤ ਵਿੱਚ ਵਿਦਿਆਰਥੀਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਲੱਡੂ ਵੰਡੇ ਗਏ। ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਅਜ 30 ਜੁਲਾਈ ਤੋਂ ਲੈ ਕੇ 7 ਅਗਸਤ ਤੱਕ ਉਨ੍ਹਾਂ ਦਾ ਇੰਡਕਸ਼ਨ ਪ੍ਰੋਗਰਾਮ ਚੱਲੇਗਾ ਤੇ 10 ਅਗਸਤ ਤੋਂ ਰੈਗੂਲਰ ਕਲਾਸਾਂ ਸ਼ੁਰੂ ਹੋਣਗੀਆਂ।