
ਜਲੰਧਰ (04.08.2026) – ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾ ਤਹਿਤ ਗਾਇਨੀ ਵਾਰਡ, ਸਿਵਲ ਹਸਪਤਾਲ ਜਲੰਧਰ ਵਿਖੇ ਇਨਰਵਹੀਲ ਕਲਬ ਦੇ ਸਹਿਯੋਗ ਨਾਲ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਹਫ਼ਤੇ ਤਹਿਤ ਲਗਾਏ ਗਏ ਇਸ ਜਾਗਰੂਕਤਾ ਸੈਸ਼ਨ ਦੀ ਅਗਵਾਈ ਕੀਤੀ ਗਈ ਅਤੇ ਨਵਜੰਮੇ ਬੱਚਿਆਂ ਦੀਆਂ ਮਾਂਵਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਨਵਜੰਮੇ ਬੱਚਿਆਂ ਦੀਆਂ ਮਾਵਾਂ ਦਾ ਹਾਲ ਪੁੱਛਿਆ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਸਾਂਝਾ ਕੀਤੀ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਐਸ.ਐਮ.ਓ. (ਗਾਇਨੀ) ਡਾ. ਵਰਿੰਦਰ ਕੌਰ ਥਿੰਦ ਅਤੇ ਰੀਤੂ ਚੋਪੜਾ ਪ੍ਰੈਜਿਡੈਂਟ ਇਨਰਵਹੀਲ ਕਲੱਬ ਜਲੰਧਰ ਮੌਜੂਦ ਸਨ।
ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਦੇ ਜਨਮ ਤੋਂ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਂ ਦੇ ਪਹਿਲੇ ਗਾੜੇ ਦੁੱਧ ਵਿੱਚ ਨਵ-ਜੰਮੇ ਬੱਚੇ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਸਾਰੇ ਤੱਤ ਮੌਜੂਦ ਹੁੰਦੇ ਹਨ। ਮਾਂ ਦਾ ਦੁੱਧ ਬੱਚੇ ਨੂੰ ਦਸਤ ਅਤੇ ਨਮੂਨੀਆ ਤੋਂ ਵੀ ਬਚਾਉਂਦਾ ਹੈ। ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਮਾਂ ਦਾ ਦੁੱਧ ਹੀ ਬੱਚੇ ਲਈ ਸੰਪੂਰਨ ਖੁਰਾਕ ਹੁੰਦਾ ਹੈ ਅਤੇ 6 ਮਹੀਨਿਆਂ ਤੋਂ ਬਾਅਦ ਵੀ ਪੂਰਕ ਆਹਾਰ ਦੇ ਨਾਲ-ਨਾਲ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਬੋਤਲ ਜਾਂ ਡੱਬੇ ਵਾਲਾ ਦੁੱਧ ਨਹੀਂ ਪਿਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਦੁੱਧ ਆਹਾਰ ਬੱਚਿਆਂ ਲਈ ਘਾਤਕ ਸਿੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪੋਸ਼ਟਿਕ ਖੁਰਾਕ ਖਿਚੜੀ, ਦਲੀਆ ਆਦਿ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਦੌਰਾਨ ਰੀਤੂ ਚੋਪੜਾ ਪ੍ਰੈਜਿਡੈਂਟ ਇਨਰਵਹੀਲ ਕਲੱਬ ਜਲੰਧਰ ਵੱਲੋਂ ਮਾਂਵਾਂ ਨੂੰ ਰੀਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਮੌਕੇ ਐਸ.ਐਮ.ਓ. ਡਾ. ਇੰਦੂ, ਡਾ. ਸਤਵਿੰਦਰ ਕੌਰ, ਡਾ. ਰੀਮਾ, ਡਾ. ਸਾਰਿਕਾ ਖੰਨਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮਈਆਈਓ ਅਸੀਮ ਸ਼ਰਮਾ, ਰਵਿੰਦਰ ਜੱਸਲ, ਜਿਲ੍ਹਾ ਬੀਸਸੀ ਕੋਆਰਡੀਨੇਟਰ ਨੀਰਜ ਸ਼ਰਮਾ, ਅਮਨਦੀਪ ਕੌਰ, ਪ੍ਰਵੀਨ ਬਾਠਲਾ ਅਤੇ ਰਵਿੰਦਰ ਕੌਰ ਮੌਜੂਦ ਸਨ।