
ਜਲੰਧਰ, 7 ਅਗਸਤ
ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ (ਐਨਆਈਟੀ) ਜਲੰਧਰ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਇਸ ਸਾਲ ਚੰਗਾ ਵਾਧਾ ਹੋਇਆ ਹੈ। ਆਈਸੀਸੀਆਰ (ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ) ਅਤੇ ਸਟੱਡੀ ਇਨ ਇੰਡੀਆ (ਐਸਆਈਆਈ) ਪ੍ਰੋਗਰਾਮ ਤਹਿਤ ਹੋਏ ਇਹ ਦਾਖਲੇ ਦੱਸਦੇ ਹਨ ਕਿ ਐਨਆਈਟੀ ਜਲੰਧਰ ਦੀ ਪੜ੍ਹਾਈ ਅਤੇ ਖੋਜ ਨੂੰ ਹੁਣ ਵਿਦੇਸ਼ਾਂ ਵਿੱਚ ਵੀ ਵਧੀਆ ਪਛਾਣ ਮਿਲ ਰਹੀ ਹੈ।
ਹੁਣ ਤੱਕ ਮਿਲੇ ਅੰਕੜਿਆਂ ਮੁਤਾਬਕ, ਆਈਸੀਸੀਆਰ ਪ੍ਰੋਗਰਾਮ ਤਹਿਤ ਪਿਛਲੇ ਸਾਲ 22 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ, ਜਦਕਿ ਇਸ ਸਾਲ ਇਹ ਗਿਣਤੀ ਵੱਧ ਕੇ 26 ਹੋ ਗਈ ਹੈ। ਇਸੇ ਤਰ੍ਹਾਂ ਸਟਡੀ ਇਨ ਇੰਡੀਆ ਪ੍ਰੋਗਰਾਮ ਤਹਿਤ ਦਾਖਲੇ 11 ਤੋਂ ਵੱਧ ਕੇ 17 ਹੋ ਗਏ ਹਨ। ਦਾਖਲਾ ਪ੍ਰਕਿਰਿਆ ਹਾਲੇ ਜਾਰੀ ਹੈ, ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ।
ਸਿੱਖਿਆ ਮੰਤਰਾਲੇ ਅਧੀਨ ਰਾਸ਼ਟਰੀ ਮਹੱਤਤਾ ਵਾਲੇ ਸੰਸਥਾਨ ਵਜੋਂ ਐਨਆਈਟੀ ਜਲੰਧਰ ਆਪਣੀ ਉੱਚ ਪੱਧਰੀ ਪੜ੍ਹਾਈ, ਆਧੁਨਿਕ ਲੈਬਾਂ, ਖੋਜ ਦੇ ਮੌਕਿਆਂ ਅਤੇ ਵਿਦਿਆਰਥੀਆਂ ਲਈ ਵਧੀਆ ਸਿੱਖਣ ਦਾ ਮਾਹੌਲ ਕਰਕੇ ਵਿਦੇਸ਼ੀ ਵਿਦਿਆਰਥੀਆਂ ਦੀ ਪਹਿਲ ਬਣਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੰਸਥਾਨ ਦੁਨੀਆ ਦੀਆਂ ਕਈ ਨਾਮਵਰ ਯੂਨੀਵਰਸਿਟੀਆਂ ਨਾਲ ਮਿਲ ਕੇ ਖੋਜ, ਵਿਦਿਆਰਥੀ ਅਤੇ ਅਧਿਆਪਕ ਅਦਲਾ-ਬਦਲੀ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਨੂੰ ਵੀ ਅੱਗੇ ਵਧਾ ਰਿਹਾ ਹੈ।
ਇਸ ਮੌਕੇ ‘ਤੇ ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਹਰ ਸਾਲ ਹੋਰ ਵਿਦੇਸ਼ੀ ਵਿਦਿਆਰਥੀ ਐਨਆਈਟੀ ਜਲੰਧਰ ਨੂੰ ਆਪਣੀ ਪੜ੍ਹਾਈ ਲਈ ਚੁਣ ਰਹੇ ਹਨ। ਇਹ ਸਾਡੇ ਸੰਸਥਾਨ ਦੀ ਸਿੱਖਿਆ ਦੀ ਗੁਣਵੱਤਾ ਅਤੇ ਵਿਦੇਸ਼ਾਂ ਵਿੱਚ ਬਣੇ ਭਰੋਸੇ ਦੀ ਨਿਸ਼ਾਨੀ ਹੈ। ਅਸੀਂ ਚਾਹੁੰਦੇ ਹਾਂ ਕਿ ਇੱਥੇ ਆਉਣ ਵਾਲੇ ਹਰ ਵਿਦਿਆਰਥੀ ਨੂੰ ਵਧੀਆ ਪੜ੍ਹਾਈ, ਖੋਜ ਦੇ ਮੌਕੇ ਅਤੇ ਅਜਿਹਾ ਮਾਹੌਲ ਮਿਲੇ, ਜਿੱਥੇ ਉਹ ਆਪਣੀ ਕਾਬਲੀਅਤ ਨੂੰ ਹੋਰ ਨਿਖਾਰ ਸਕੇ।
ਉਦਯੋਗ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਡੀਨ ਪ੍ਰੋ. ਅਜੈ ਬੰਸਲ ਨੇ ਕਿਹਾ ਕਿ ਆਈਸੀਸੀਆਰ ਅਤੇ ਸਟਡੀ ਇਨ ਇੰਡੀਆ ਪ੍ਰੋਗਰਾਮ ਤਹਿਤ ਵਧ ਰਹੇ ਦਾਖਲੇ ਇਸ ਗੱਲ ਦਾ ਸਬੂਤ ਹਨ ਕਿ ਐਨਆਈਟੀ ਜਲੰਧਰ ‘ਤੇ ਵਿਦੇਸ਼ੀ ਵਿਦਿਆਰਥੀਆਂ ਦਾ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾਨ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੋਜ ਦੇ ਹੋਰ ਵਧੀਆ ਮੌਕੇ ਮਿਲ ਸਕਣ। ਉਨ੍ਹਾਂ ਨੂੰ ਉਮੀਦ ਹੈ ਕਿ ਦਾਖਲਾ ਪ੍ਰਕਿਰਿਆ ਪੂਰੀ ਹੋਣ ਤੱਕ ਇਹ ਗਿਣਤੀ ਹੋਰ ਵਧੇਗੀ।
ਰਜਿਸਟਰਾਰ ਪ੍ਰੋ. ਅਨੀਸ਼ ਸਚਦੇਵਾ ਨੇ ਕਿਹਾ ਕਿ ਐਨਆਈਟੀ ਜਲੰਧਰ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਤੋਂ ਲੈ ਕੇ ਪੜ੍ਹਾਈ ਪੂਰੀ ਹੋਣ ਤੱਕ ਹਰ ਪੱਧਰ ‘ਤੇ ਲੋੜੀਂਦੀ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾਨ ਦਾ ਮਕਸਦ ਅਜਿਹਾ ਮਾਹੌਲ ਦੇਣਾ ਹੈ, ਜਿੱਥੇ ਹਰ ਵਿਦਿਆਰਥੀ ਆਪਣੇ ਆਪ ਨੂੰ ਸੁਰੱਖਿਅਤ ਅਤੇ ਆਰਾਮ ਨਾਲ ਮਹਿਸੂਸ ਕਰੇ, ਵਧੀਆ ਪੜ੍ਹਾਈ ਕਰੇ ਅਤੇ ਇੱਥੋਂ ਚੰਗੀਆਂ ਯਾਦਾਂ ਲੈ ਕੇ ਜਾਵੇ।
ਵਿਦੇਸ਼ੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਨਾਲ ਐਨਆਈਟੀ ਜਲੰਧਰ ਦਾ ਅਕਾਦਮਿਕ ਅਤੇ ਸੱਭਿਆਚਾਰਕ ਮਾਹੌਲ ਹੋਰ ਮਜ਼ਬੂਤ ਹੋ ਰਿਹਾ ਹੈ। ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੂੰ ਇੱਕ-ਦੂਜੇ ਨੂੰ ਸਮਝਣ, ਇਕੱਠੇ ਸਿੱਖਣ ਅਤੇ ਆਪਣੇ ਤਜਰਬੇ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ। ਐਨਆਈਟੀ ਜਲੰਧਰ ਆਉਣ ਵਾਲੇ ਸਮੇਂ ਵਿੱਚ ਵੀ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਹੋਰ ਮਜ਼ਬੂਤ ਕਰਨ ਅਤੇ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਆਪਣੀ ਵੱਲ ਖਿੱਚਣ ਲਈ ਲਗਾਤਾਰ ਯਤਨ ਕਰਦਾ ਰਹੇਗਾ।