

ਜਲੰਧਰ : ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਲੰਧਰ ਸੈਂਟਰਲ ਦੇ ਹਰ ਵਾਰਡ ਤੋਂ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ। ਇਸੇ ਲੜੀ ਤਹਿਤ ਅੱਜ ਕੌਂਸਲਰ ਜਤਿੰਦਰ ਗੁਲਾਟੀ ਦੇ ਵਾਰਡ ਨੰਬਰ 70 ਤੋਂ ਦੋ ਏ.ਸੀ. ਬੱਸਾਂ ਤੀਰਥ ਯਾਤਰਾ ਲਈ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਏ.ਸੀ. ਸਲੀਪਰ ਬੱਸ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਰਾਹੀਂ ਸੰਗਤਾਂ ਖਾਟੂ ਸ਼ਿਆਮ ਜੀ, ਸਾਲਾਸਰ ਬਾਲਾਜੀ, ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਦਰਸ਼ਨ ਕਰਨਗੀਆਂ। ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਏ.ਸੀ. ਬੱਸਾਂ, ਏ.ਸੀ. ਕਮਰਿਆਂ ਵਿੱਚ ਰਹਿਣ ਦਾ ਪ੍ਰਬੰਧ ਅਤੇ ਖਾਣ-ਪੀਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਖਾਸ ਤੌਰ ’ਤੇ ਸੰਗਤਾਂ ਲਈ ਲੰਗਰ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ।
ਨਿਤਿਨ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤੀ ਗਈ ਇਸ ਲੋਕ-ਹਿਤੈਸ਼ੀ ਯੋਜਨਾ ਲਈ ਉਹ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸੰਗਤਾਂ ਦੀਆਂ ਇੱਛਾਵਾਂ ਅਤੇ ਅਰਦਾਸਾਂ ਸਨ ਕਿ ਉਹ ਖਾਟੂ ਸ਼ਿਆਮ ਜੀ, ਸਾਲਾਸਰ ਬਾਲਾਜੀ, ਹਰਿਦੁਆਰ ਅਤੇ ਰਿਸ਼ੀਕੇਸ਼ ਵਰਗੇ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ।
ਉਨ੍ਹਾਂ ਕਿਹਾ ਕਿ ਅੱਜ ਪਰਮਾਤਮਾ ਨੇ ਸੰਗਤਾਂ ਦੀਆਂ ਇਹ ਅਰਦਾਸਾਂ ਕਬੂਲ ਕਰਦਿਆਂ ਉਨ੍ਹਾਂ ਨੂੰ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖ਼ਸ਼ਿਆ ਹੈ। ਇਹ ਯਾਤਰਾ ਸੰਗਤਾਂ ਲਈ ਸਿਰਫ਼ ਇੱਕ ਸਫ਼ਰ ਨਹੀਂ, ਸਗੋਂ ਉਨ੍ਹਾਂ ਦੀ ਸ਼ਰਧਾ ਅਤੇ ਆਸਥਾ ਨਾਲ ਜੁੜਿਆ ਇੱਕ ਯਾਦਗਾਰ ਮੌਕਾ ਹੈ।
ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਦੇ ਹਰ ਵਾਰਡ ਤੋਂ ਸੰਗਤਾਂ ਨੂੰ ਤੀਰਥ ਯਾਤਰਾ ਨਾਲ ਜੋੜਨ ਦਾ ਉਪਰਾਲਾ ਲਗਾਤਾਰ ਜਾਰੀ ਰਹੇਗਾ ਅਤੇ ਯਾਤਰੀਆਂ ਦੀ ਸਹੂਲਤ, ਸੁਰੱਖਿਆ ਤੇ ਸਨਮਾਨ ਨੂੰ ਪਹਿਲ ਦਿੰਦਿਆਂ ਸਮੁੱਚੇ ਪ੍ਰਬੰਧ ਕੀਤੇ ਜਾਣਗੇ।



