
ਐਨ.ਐਚ.ਐਮ. ਮੁਲਾਜ਼ਮ ਉੱਤਰੇ ਸੜਕਾਂ ‘ਤੇ, ਪੰਜਾਬ ਸਰਕਾਰ ਖਿਲਾਫ ਕੱਢਿਆ ਰੋਸ਼ ਮਾਰਚ

ਜਲੰਧਰ (26.08.2026) – ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ 15-20 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ 13 ਅਗਸਤ 2026 ਤੋਂ ਆਪਣੀਆਂ ਜਾਈਜ਼ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਜਾਰੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੱਤਾ ਦੇ ਨਸ਼ੇ ਵਿੱਚ ਆਪਣੇ ਵਾਅਦਿਆ ਤੋਂ ਭੱਜਦੀ ਨਜ਼ਰ ਆ ਰਹੀ ਹੈ। ਬੁੱਧਵਾਰ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਮੁਲਾਜ਼ਮ ਸੜਕਾਂ ‘ਤੇ ਉਤਰ ਆਏ। ਐਨਐਚਐਮ ਮੁਲਾਜ਼ਮਾਂ ਨੇ ਪਹਿਲਾਂ ਸਿਵਲ ਸਰਜਨ ਦਫ਼ਤਰ ਵਿਖੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਾਰੇਬਾਜੀ ਕੀਤੀ, ਇਸ ਤੋਂ ਬਾਅਦ ਡਾ. ਪੰਖੁੜੀ ਦੀ ਅਗਵਾਈ ਹੇਠ ਪ੍ਰੈਸ ਕਲੱਬ ਤੱਕ ਰੋਸ਼ ਮਾਰਚ ਕੱਢਿਆ ਗਿਆ। ਇਸ ਦੌਰਾਨ ਆਮ ਆਦਮੀ ਕਲੀਨਿਕ ਸਾਂਝਾ ਫਰੰਟ ਦੇ ਮੁਲਾਜ਼ਮਾਂ ਵੀ ਐਨਐਚਐਮ ਮੁਲਾਜਮਾਂ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕਰਦੇ ਹੋਏ ਰੋਸ਼ ਰੈਲੀ ਵਿੱਚ ਸ਼ਾਮਲ ਹੋ ਗਏ। ਰੋਸ਼ ਮਾਰਚ ਦੌਰਾਨ ਸਮੂਹ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਅਤੇ ਸਿਹਤ ਮੰਤਰੀ ਖਿਲ਼ਾਫ ਜੋਰਦਾਰ ਨਾਰੇਬਾਜੀ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਮੁੱਖ ਬੁਲਾਰੇਆਂ ਨੇ ਕਿਹਾ ਕਿ ਕਿ ਜਦੋਂ ਤੱਕ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਹੜਤਾਲ ਜਾਰੀ ਰਹੇਗੀ ਅਤੇ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਡਾ. ਸੁਮੀਤ ਕਪਾਹੀ, ਸੀਐਚਓ ਸੁਖਪ੍ਰੀਤ ਕੌਰ, ਡਾ. ਯੋਗੇਸ਼ ਸਚਦੇਵਾ, ਪਰਮਵੀਰ ਝਮਟ, ਡਾ. ਪੰਕਜ, ਡਾ. ਗੋਰਵ, ਡਾ. ਸਿਲਵਰੀ ਮੌਜੂਦ ਸਨ।
ਪੰਜਾਬ ਸਰਕਾਰ ਨੇ ਲਾਰਾ ਲਾਊ ਅਤੇ ਡੰਗ ਟਪਾਊ ਨੀਤੀ ਅਪਣਾਉਂਦਿਆਂ ਐਨ.ਐਚ.ਐਮ ਕਰਮਚਾਰੀਆਂ ਦੀਆਂ ਜਾਇਜ ਮੰਗਾਂ ਨੂੰ ਪੂਰਾ ਕਰਨ ਲਈ ਅਜੇ ਤੱਕ ਕੋਈ ਸਪੱਸ਼ਟ ਹਾਂ ਪੱਖੀ ਹੁੰਗਾਰਾ ਨਾ ਭਰਿਆ ਹੈ। ਜਿਸ ਕਰਕੇ ਪੰਜਾਬ ਭਰ ਵਿੱਚ ਕੰਮ ਕਰ ਰਹੇ ਸਮੂਹ ਐਨ.ਐਚ.ਐਮ ਕਰਮਚਾਰੀਆਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਕ ਮੰਚ ਉੱਤੇ ਇੱਕਜੁਟ ਹੋ ਗਏ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਗਾਤਾਰ ਚਲ ਰਹੇ ਧਰਨਾ ਪ੍ਰਦਰਸ਼ਨ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ। ਪੰਜਾਬ ਸਰਕਾਰ ਵੱਲੋਂ 2 ਸਤੰਬਰ ਨੂੰ ਯੂਨੀਅਨ ਦੇ ਮੁੱਖ ਬੁਲਾਰੇਆਂ ਨਾਲ ਬੈਠਕ ਦਾ ਸਮਾਂ ਦਿੱਤਾ ਗਿਆ ਹੈ।
ਐਨ.ਐਚ.ਐਮ. ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ 13 ਅਗਸਤ ਤੋਂ ਹੜਤਾਲ ਲਗਾਤਾਰ ਜਾਰੀ ਹੈ। ਹੜਤਾਲ ਦੋਰਾਨ ਐਨ.ਐਚ.ਐਮ. ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਰੇਬਾਜ਼ੀ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਸਰਕਾਰ ਨੂੰ ਗੁੜੀ ਨੀਂਦ ‘ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਸਖ਼ਤ ਸ਼ਬਦਾਂ ‘ਚ ਕਿਹਾ ਕਿ ਜੇਕਰ ਸਰਕਾਰ ਐਨ. ਐਚ. ਐਮ. ਮੁਲਾਜ਼ਮਾਂ ਦੀ ਮੁੱਖ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ, ਗਰੇਚੁਟੀ, ਉਮਰ ਹੱਦ ਵਾਧਾ ਆਦਿ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ, ਅਤੇ ਇਸ ਦਾ ਜਵਾਬ ਸਮੂਹ ਐਨ ਐਚ ਐਮ ਮੁਲਾਜ਼ਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਣਗੇ। ਇਸ ਮੋਕੇ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਯੂਨੀਅਨ ਦੇ ਮੁੱਖ ਬੁਲਾਰੇਆਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਜਲਦੀ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਨਹੀਂ ਕਰਦੀ ਤਾਂ ਐਨ. ਐਚ. ਐਮ. ਯੂਨੀਅਨ ਵੱਲੋਂ ਸਰਕਾਰ ਦਾ ਹਰ ਮੋੜ ਤੇ ਘੇਰਾਓ ਕੀਤਾ ਜਾਵੇਗਾ। ਇਸ ਮੌਕੇ ਜਿਲ੍ਹੇ ਦੇ ਸਮੂਹ ਐਨ.ਐਚ.ਐਮ. ਮੁਲਾਜ਼ਮ ਅਤੇ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮ ਹਾਜਰ ਸਨ।



