

ਜਲੰਧਰ, 13 ਅਕਤੂਬਰ 2026:
ਪੰਜਾਬ ਸਰਕਾਰ ਦੇ ਮੁੱਖ ਫਲੈਗਸ਼ਿਪ ਪ੍ਰੋਗਰਾਮਾਂ — ਪੰਜਾਬ STEMI (ਮਿਸ਼ਨ ਅੰਮ੍ਰਿਤ) ਅਤੇ ਪੰਜਾਬ ਸਟ੍ਰੋਕ ਪ੍ਰੋਗਰਾਮ ਨੂੰ ਜ਼ਿਲ੍ਹੇ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਜਲੰਧਰ ਵਿਖੇ ਇੱਕ ਅਹਿਮ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਦਿਲ ਦੇ ਦੌਰੇ (Acute Myocardial Infarction) ਅਤੇ ਬ੍ਰੇਨ ਸਟ੍ਰੋਕ (Acute Ischaemic Stroke) ਵਰਗੀਆਂ ਗੰਭੀਰ ਬੀਮਾਰੀਆਂ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਤਹਿਤ ਲਗਭਗ ₹40,000 ਰੁਪਏ ਦੀ ਕੀਮਤ ਵਾਲਾ ਜੀਵਨ-ਰੱਖਿਅਕ ਟੀਕਾ ‘ਟੇਨੈਕਟੇਪਲੇਸ’ (Tenecteplase) ਯੋਗ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ। ਜੇਕਰ ਮਰੀਜ਼ ਨੂੰ ਸਮੇਂ ਸਿਰ ਹਸਪਤਾਲ ਲਿਆਂਦਾ ਜਾਵੇ ਅਤੇ ਡਾਕਟਰੀ ਪ੍ਰੋਟੋਕੋਲ ਅਨੁਸਾਰ ਇਹ ਟੀਕਾ ਲਗਾਇਆ ਜਾਵੇ, ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।
ਇਸ ਸਿਖਲਾਈ ਸਮਾਗਮ ਦੌਰਾਨ ਕੰਸਲਟੈਂਟ ਫਿਜ਼ੀਸ਼ੀਅਨ ਡਾ. ਅਭਿਨਵ ਸ਼ੂਰ ਵੱਲੋਂ ਜ਼ਿਲ੍ਹਾ ਹਸਪਤਾਲ (DH) ਜਲੰਧਰ, ਸਬ-ਡਿਵੀਜ਼ਨਲ ਹਸਪਤਾਲ (SDH) ਫਿਲੌਰ, ਸਬ-ਡਿਵੀਜ਼ਨਲ ਹਸਪਤਾਲ (SDH) ਨਕੋਦਰ ਦੇ ਸਮੂਹ ਐਮਰਜੈਂਸੀ ਮੈਡੀਕਲ ਅਫ਼ਸਰਾਂ (EMOs) ਅਤੇ DNB ਰੈਜ਼ੀਡੈਂਟ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ।
ਡਾ. ਅਭਿਨਵ ਸ਼ੂਰ ਨੇ ਡਾਕਟਰਾਂ ਨੂੰ ਇਮਰਜੈਂਸੀ ਦੌਰਾਨ ਮਰੀਜ਼ਾਂ ਦੀ ਤੁਰੰਤ ਪਛਾਣ ਕਰਨ, ਸਹੀ ਸਮੇਂ ‘ਤੇ ਇਲਾਜ ਸ਼ੁਰੂ ਕਰਨ ਅਤੇ ਕਲੀਨੀਕਲ ਪ੍ਰੋਟੋਕੋਲ ਦੀ ਪਾਲਣਾ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਅਤੇ ਬਿਹਤਰ ਇਲਾਜ ਮਿਲ ਸਕੇ। ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਮੌਜੂਦਗੀ ਵਿੱਚ ਡਾ. ਅਭਿਨਵ ਸ਼ੂਰ ਟਰੇਨਿੰਗ ਸ਼ੈਸ਼ਨ ਦੌਰਾਨ ਜਾਣਕਾਰੀ ਸਾਂਝਾ ਕਰਦੇ ਹੋਏ ।



