Sliderपंजाब

ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਪਲਸ ਪੋਲੀਓ ਮੁਹਿੰਮ, ਐਚ.ਪੀ.ਵੀ. ਟੀਕਾਕਰਨ ਅਤੇ ਯੂ-ਵਿਨ ਪੋਰਟਲ ਦੀਆਂ ਤਿਆਰੀਆਂ ਸਬੰਧੀ ਅਰਬਨ ਏ.ਐਨ.ਐਮਜ਼ (ANMs) ਨੂੰ ਦਿੱਤੀਆਂ ਹਦਾਇਤਾਂ

ਜਲੰਧਰ (08-06-2026): 28 ਜੂਨ 2026 ਤੋਂ 30 ਜੂਨ 2026 ਤੱਕ ਸ਼ੁਰੂ ਹੋਣ ਜਾ ਰਹੀ ਪਲਸ ਪੋਲਿਓ ਮੁਹਿੰਮ, ਐਚ.ਪੀ.ਵੀ. (HPV) ਵੈਕਸੀਨੇਸ਼ਨ ਅਤੇ ਯੂ-ਵਿਨ (U-Win) ਪੋਰਟਲ ਦੇ ਸੁਚਾਰੂ ਸੰਚਾਲਨ ਦੇ ਸਬੰਧ ਵਿੱਚ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਿਖਲਾਈ ਕੇਂਦਰ, ਸਿਵਲ ਹਸਪਤਾਲ ਜਲੰਧਰ ਵਿਖੇ ਸਮੂਹ ਅਰਬਨ ਏ.ਐਨ.ਐਮਜ਼ (ANMs) ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਸੀਮ ਸ਼ਰਮਾ ਅਤੇ ਕੰਪਿਊਟਰ ਓਪਰੇਟਰ ਜੋਤੀ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਪਲਸ ਪੋਲੀਓ ਮੁਹਿੰਮ ਦੇ ਮਾਇਕ੍ਰੋਪਲਾਨ ਅਤੇ ਕੋਲਡ ਚੇਨ ਮੇਨਟੇਨੈਂਸ (ਸ਼ੀਤਲ ਲੜੀ) ਦੇ ਪ੍ਰਬੰਧਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਸਮੂਹ ਏ.ਐਨ.ਐਮਜ਼ ਨੂੰ ਹਦਾਇਤ ਕੀਤੀ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਇਸ ਮੁਹਿੰਮ ਨੂੰ ਸੌ ਫੀਸਦੀ ਸਫਲ ਬਣਾਇਆ ਜਾਵੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਘਰ-ਘਰ ਵਿਜਿਟ, ਟ੍ਰਾਂਜਿਟ ਟੀਮਾਂ ਅਤੇ ਮੋਬਾਈਲ ਟੀਮਾਂ ਦੀ ਸੁਪਰਵੀਜ਼ਨ ਨੂੰ ਹੋਰ ਮਜਬੂਤ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ।
ਇਸ ਦੇ ਨਾਲ ਹੀ ਸਿਵਲ ਸਰਜਨ ਵੱਲੋਂ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਲਗਾਈ ਜਾਣ ਵਾਲੀ ਐਚ.ਪੀ.ਵੀ. (HPV) ਵੈਕਸੀਨੇਸ਼ਨ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਸਕੂਲਾਂ ਅਤੇ ਕਮਿਊਨਿਟੀ ਪੱਧਰ ‘ਤੇ ਯੋਗ ਲੜਕੀਆਂ ਨੂੰ ਕਵਰ ਕਰਨ ਲਈ ਢੁਕਵੀਂ ਰੂਪ-ਰੇਖਾ ਤਿਆਰ ਕੀਤੀ ਜਾਵੇ। ਡਾ. ਗਰਗ ਨੇ ਡਿਜੀਟਲ ਪ੍ਰਣਾਲੀ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਹਾ ਕਿ ਯੂ-ਵਿਨ (U-Win) ਪੋਰਟਲ ‘ਤੇ ਹਰ ਇੱਕ ਲਾਭਪਾਤਰੀ ਦਾ ਡੇਟਾ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਰਿਪੋਰਟਿੰਗ ਪਾਰਦਰਸ਼ੀ ਅਤੇ ਤੁਰੰਤ ਹੋ ਸਕੇ।
ਇਸ ਦੌਰਾਨ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਠਿਤ ਟੀਮਾਂ ਦੁਆਰਾ ਸਲੱਮ ਏਰੀਆ, ਇੰਡਸਟ੍ਰਿਅਲ ਏਰੀਆ, ਇੱਟਾਂ ਦੇ ਭੱਠੇ ਅਤੇ ਗੁੱਜਰਾਂ ਦੇ ਡੇਰੇ ਵਰਗੇ ਹਾਈ ਰਿਸਕ (ਉੱਚ ਜੋਖਮ ਵਾਲੇ) ਖੇਤਰਾਂ ‘ਤੇ ਖਾਸ ਤੌਰ ‘ਤੇ ਫੋਕਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ‘ਤੇ ਵੀ ਆਉਣ-ਜਾਣ ਵਾਲੇ ਬੱਚਿਆਂ ਨੂੰ ਬੂੰਦਾਂ ਪਿਲਾਉਣ ਲਈ ਪੋਲੀਓ ਟੀਮਾਂ ਵਿਸ਼ੇਸ਼ ਤੌਰ ‘ਤੇ ਤਾਇਨਾਤ ਰਹਿਣਗੀਆਂ।

Related Articles

Back to top button